ਅਕਾਲੀ ਦਲ ਨਾਲ ਅੰਦਰਖਾਤੇ ਕੀਤੇ ਕਥਿਤ ਸਮਝੌਤੇ ਤਹਿਤ ਹੀ ਸੱਤਾ ਵਿੱਚ ਆਈ ਕਾਂਗਰਸ ਪਾਰਟੀ: ਭਗਵੰਤ ਮਾਨ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਮੁੱੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਲੋਂ ਇਹ ਬਿਆਨ ਕਿ ਉਹ ‘ਬਦਲਾਖੋਰੀ ਦੀ ਸਿਆਸਤ’ ਵਿੱਚ ਨਹੀਂ ਪੈਣਾ ਚਾਹੁੰਦੇ ਤੋਂ ਸਾਫ਼ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਅਕਾਲੀ ਦਲ ਨਾਲ ਅੰਦਰਖਾਤੇ ਕੀਤੇ ਕਥਿਤ ਸਮਝੌਤੇ ਤਹਿਤ ਹੀ ਸੱਤਾ ਵਿੱਚ ਆਈ ਹੈ। ਸ੍ਰੀ ਮਾਨ ਨੇ ‘ਟ੍ਰਿਬਿਊਨ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਉਹ ਦੋਵਾਂ ਪਾਰਟੀਆਂ ਵਿਚਾਲੇ ਹੋਏ ਕਰਾਰ ਬਾਰੇ ਪਹਿਲਾਂ ਤੋਂ ਜਾਣਦੇ ਹਨ। ਇਨ੍ਹਾਂ ਕਾਲਮਾਂ ਵਿੱਚ ਅੱਜ ਛਪੀ ਖ਼ਬਰ ਜਿਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ‘ਬਦਲਾਖੋਰੀ ਦੀ ਸਿਆਸਤ’ ਤੋਂ ਦੂਰ ਰਹਿੰਦਿਆਂ ਪੰਜਾਬ ਨੂੰ ਮੁੜ ਵਿਕਸਤ ਕਰਨ ਵੱਲ ਧਿਆਨ ਲਾਉਣਾ ਚਾਹੁੰਦੇ ਹਨ, ਦਾ ਹਵਾਲਾ ਦਿੰਦਿਆਂ ਮਾਨ ਨੇ ਕਿਹਾ ਕਿ ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਐਨ ਪਹਿਲਾਂ ਕੈਪਟਨ ਦੀ ਸ਼ਮੂਲੀਅਤ ਵਾਲੇ ‘ਅੰਮ੍ਰਿਤਸਰ ਨਗਰ ਨਿਗਮ ਘੁਟਾਲੇ’ ਚੋਂ ਉਨ੍ਹਾਂ ਦਾ ਨਾਂ ਬਾਹਰ ਕੀਤੇ ਜਾਣ ਲਈ ਹੁਣ ਉਹ ‘ਸਿਆਸੀ ਬਦਲਾਖੋਰੀ’ ’ਚ ਨਾ ਪੈਣ ਦਾ ਹਵਾਲਾ ਦੇ ਅਕਾਲੀ ਆਗੂਆਂ ਨੂੰ ਬਚਾਅ ਰਹੇ ਹਨ। ਮਾਨ ਨੇ ਕਿਹਾ ਕਿ ਇਕ ਪਾਸੇ ਜਿੱਥੇ ਕਾਂਗਰਸੀ ਮੰਤਰੀ ਤੇ ਵਿਧਾਇਕ ਅਕਾਲੀਆਂ ਦੇ ਖ਼ੂਨ ਦੇ ਪਿਆਸੇ ਹਨ, ਉਥੇ ਮੁੱਖ ਮੰਤਰੀ ਵੱਲੋਂ ਸਿਆਸੀ ਬਦਲਾਖੋਰੀ ਤਹਿਤ ਕਿਸੇ ਕਾਰਵਾਈ ਤੋਂ ਇਨਕਾਰ ਕੀਤਾ ਜਾ ਰਿਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼ਾਇਦ ਚੋਣਾਂ ਤੋਂ ਪਹਿਲਾਂ ਨਸ਼ਾ ਕਾਰੋਬਾਰੀਆਂ ਅਤੇ ਰੇਤ ਤੇ ਕੇਬਲ ਮਾਫੀਆ ਨੂੰ ਨੱਥ ਪਾਉਣ ਦੇ ਕੀਤੇ ਗਏ ਵਾਅਦਿਆਂ ਭੁੱਲ ਗਏ ਹਨ। ਸੰਸਦ ਮੈਂਬਰ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਵਿਚਾਲੇ ਅੰਦਰਖਾਤੇ ਹੋਏ ਸਮਝੌਤੇ ਤੋਂ ਬਾਅਦ ‘ਆਪ’ ਹੀ ਇਕੋ ਇਕ ਅਜਿਹੀ ਪਾਰਟੀ ਹੈ ਜੋ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ।

Be the first to comment

Leave a Reply