ਅਕਾਲੀ ਦਲ ਸਪੱਸ਼ਟ ਕਰੇ ਉਸ ਦਾ ‘ਸ੍ਰੀ ਗੁਰੂ ਗੰ੍ਰਥ ਸਾਹਿਬ’ ਤੋਂ ਮੋਹ ਕਿਉਂ ਭੰਗ ਹੋਇਆ

ਪਟਿਆਲਾ  – ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਅਕਾਲੀ ਦਲ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਸਪੱਸ਼ਟ ਕਰੇ ਕਿ ਉਸ ਦਾ ‘ਸ੍ਰੀ ਗੁਰੂ ਗੰ੍ਰਥ ਸਾਹਿਬ’ ਤੋਂ ਮੋਹ ਕਿਉਂ ਭੰਗ ਹੋਇਆ ਹੈ? ਕੀ ਇਸ ਦੇ ਪਿੱਛੇ ਆਰ. ਐੱਸ. ਐੱਸ. ਤੇ ਭਾਜਪਾ ਦਬਾਅ ਤਾਂ ਨਹੀਂ? ਜਾਂ ਫਿਰ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਕਰ ਕੇ ਅਕਾਲੀ ਦਲ ਦੇ ਆਗੂ ਹੁਣ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸਾਹਮਣੇ ਖੜ੍ਹਣ ਤੋਂ ਵੀ ਡਰਨ ਲੱਗ ਪਏ ਹਨ?
ਇਥੇ ਗੱਲਬਾਤ ਕਰਦਿਆਂ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਆਰ. ਐੱਸ. ਐੈੱਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਾਈ ਗਈ ਇਹ ਨਵੀਂ ਪਿਰਤ ਸਮੁੱਚੀ ਸਿੱਖ ਕੌਮ ਦਾ ਫੌਰੀ ਧਿਆਨ ਮੰਗਦੀ ਹੈ ਕਿ 10 ਸਤੰਬਰ ਨੂੰ ਖਡੂਰ ਸਾਹਿਬ ਵਿਖੇ ਮਨਾਏ ਗਏ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਪੁਰਬ ਸਮੇਂ ਅਕਾਲੀ ਦਲ ਵੱਲੋਂ ਆਯੋਜਿਤ ਪੰਥਕ ਕਾਨਫਰੰਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਸਾਲ 1977 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੱਕ ਬਤੌਰ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਕਾਨਫਰੰਸ ਦੀਆਂ ਸਾਰੀਆਂ ਵੱਡੀਆਂ ਪੰਥਕ ਕਾਨਫਰੰਸਾਂ ਵਿਚ ਸ਼ਾਮਲ ਹੁੰਦਾ ਰਿਹਾ ਹਾਂ, ਮੈਨੂੰ ਅਕਾਲੀ ਦਲ ਦੀ ਇਕ ਵੀ ਅਜਿਹੀ ਪੰਥਕ ਕਾਨਫਰੰਸ ਯਾਦ ਨਹੀਂ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਵਿਸਾਰਿਆ ਗਿਆ ਹੋਵੇ। ਜਦੋਂ ਤੋਂ ਬਾਦਲ ਪਰਿਵਾਰ ਦਾ ਅਕਾਲੀ ਦਲ ‘ਤੇ ਕਬਜ਼ਾ ਹੋਇਆ, ਉਦੋਂ ਤੋਂ ਇੱਕ-ਇੱਕ ਕਰ ਕੇ ‘ਪੰਥਕ ਰਵਾਇਤਾਂ’ ਦਾ ਭੋਗ ਪੈ ਰਿਹਾ ਹੈ। ਇਹ ਵੀ ਕੀ ਤਰਕ ਹੈ ਕਿ ਜਦੋਂ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ‘ਤੇ ਕਾਬਜ਼ ਹੋਣਾ ਹੋਵੇ ਅਤੇ ‘ਗੁਰੂ ਕੀਆਂ ਗੋਲਕਾਂ’ ਵਰਤਣੀਆਂ ਹੋਣ ਤਾਂ ਬਾਦਲਾਂ ਦਾ ਅਕਾਲੀ ਦਲ ਧਰਮ ਅਤੇ ਰਾਜਨੀਤੀ ਦੇ ਇੱਕ ਹੋਣ ਦਾ ਦਾਅਵਾ ਕਰਦਾ ਨਹੀਂ ਥਕਦਾ। ਜਦੋਂ ਕਾਬਜ਼ ਹੋ ਜਾਂਦਾ ਹੈ, ਫਿਰ ਸਿੱਖ ਧਰਮ ਦੀਆਂ ਧਾਰਮਿਕ ਅਤੇ ਪੰਥਕ ਰਵਾਇਤਾਂ ਨੂੰ ਆਪਣੇ ਜ਼ਾਤੀ ਮੁਫ਼ਾਦਾਂ ਲਈ ਪਿੱਠ ਦੇ ਜਾਂਦਾ ਹੈ।

Be the first to comment

Leave a Reply