ਅਕਾਲੀ-ਭਾਜਪਾ ਵਫਦ ਰਾਣਾ ਕੇਪੀ ਦੇ ਅੱਤਿਆਚਾਰੀ ਵਤੀਰੇ ਖਿਲਾਫ ਬਦਨੌਰ ਨੂੰ ਮਿਲਿਆ

ਚੰਡੀਗੜ  : ਅਕਾਲੀ-ਭਾਜਪਾ ਵਿਧਾਇਕ ਪਾਰਟੀ ਦਾ ਇੱਕ ਸਾਂਝਾ ਵਫਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲਿਆ ਅਤੇ ਉੁਹਨਾਂ ਨੂੰ ਸਪੀਕਰ ਰਾਣਾ ਕੇਪੀ ਸਿੰਘ ਦੇ ਅੱਤਿਆਚਾਰੀ ਵਤੀਰੇ ਤੋਂ ਜਾਣੂ ਕਰਵਾਇਆ। ਵਫਦ ਨੇ ਰਾਜਪਾਲ ਨੂੰ ਬੇਨਤੀ ਕੀਤੀ ਕਿ ਉਹ ਇਸ ਮੁੱਦੇ ਉੱਤੇ ਕਾਂਗਰਸ ਸਰਕਾਰ ਕੋਲ ਆਪਣੀ ਨਾਰਾਜ਼ਗੀ ਜ਼ਾਹਿਰ ਕਰਨ।

ਅਕਾਲੀ ਦਲ ਦੇ ਪ੍ਰਧਾਨ ਨੇ ਰਾਜਪਾਲ ਨੂੰ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਕਦੇ ਵੀ ਵਿਰੋਧੀ ਧਿਰ ਨਾਲ ਇੰਨਾ ਬੇਰਹਿਮੀ ਭਰਿਆ ਸਲੂਕ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਸਪੀਕਰ ਨੇ ਨਾ ਸਿਰਫ ਵਿਰੋਧੀ ਧਿਰ ਦੇ ਮੈਂਬਰਾਂ ਦੀ ਕੁੱਟਮਾਰ ਕਰਵਾਈ, ਸਗੋਂ ਉੱਥੇ ਤਾਇਨਾਤ ਵਾਰਡ ਸਟਾਫ ਨੇ ਮਹਿਲਾ ਮੈਂਬਰਾਂ ਨੂੰ ਘੜੀਸ ਕੇ ਜ਼ਖਮੀ ਕਰ ਦਿੱਤਾ ਅਤੇ ਉੁਹਨਾਂ ਦੇ ਕੱਪੜੇ ਤਕ ਫਾੜ ਦਿੱਤੇ। ਉਹਨਾਂ ਕਿਹਾ ਕਿ ਕਦੇ ਨਾ ਬਰਦਾਸ਼ਤ ਕੀਤੀ ਜਾ ਸਕਣ ਵਾਲੀ ਗੱਲ ਇਹ ਵਾਪਰੀ ਕਿ ਸਿੱਖ ਵਿਧਾਇਕਾਂ ਦੀਆਂ ਪੱਗਾਂ ਨੂੰ ਉਛਾਲਿਆ ਅਤੇ ਮਧੋਲਿਆ ਜਾ ਰਿਹਾ ਸੀ।
ਰਾਜਪਾਲ ਨੂੰ ਵਿਧਾਨ ਸਭਾ ਸਪੀਕਰ ਵੱਲੋਂ ਵਿਰੋਧੀ ਧਿਰ ਦੇ ਮੈਂਬਰਾਂ ਉੱੇਤੇ ਢਾਹੇ ਗਏ ਕਹਿਰ ਦਾ ਤਿੱਖਾ ਨੋਟਿਸ ਲੈਣ ਦੀ ਬੇਨਤੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਵੇਂ ਕਿ ਇਸ ਹਿੰਸਾ ਨੇ ਸਭ ਤੋਂ ਵੱਧ ਨੁਕਸਾਨ ਆਪ ਦੇ ਵਿਧਾਇਕਾਂ ਦਾ ਕੀਤਾ ਹੈ, ਪਰ ਅਸੀਂ ਸਿਧਾਂਤਕ ਤੌਰ ਤੇ ਅਜਿਹੀ ਹਿੰਸਾ ਦੇ ਖਿਲਾਫ ਹੋਣ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਸਦਨ ਨੂੰ ਚਲਾਉਣ ਦੀ ਇੱਕ ਮਰਿਆਦਾ ਹੁੰਦੀ ਹੈ। ਇੱਥੇ ਅਜਿਹੀਆਂ ਮਿਸਾਲਾਂ ਵੀ ਪਈਆਂ ਹਨ, ਜਦੋਂ ਵਿਰੋਧੀ ਧਿਰ ਨੇ ਸਪੀਕਰ ਦੀ ਕੁਰਸੀ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਇੱਕ ਵਾਰ ਤਾਂ ਵਿਰੋਧੀ ਧਿਰ ਸਾਰੀ ਰਾਤ ਵਿਧਾਨ ਸਭਾ ਵਿਚ ਬੈਠੀ ਰਹੀ ਸੀ। ਪਰ ਇਸ ਦੇ ਬਾਵਜੂਦ ਉਹਨਾਂ ਖਿਲਾਫ ਕਾਨੂੰਨ ਨੂੰ ਛਿੱਕੇ ਟੰਗ ਕੇ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ। ਇਹ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਹੈ। ਇਸ ਸੈਸ਼ਨ ਵਿਚ ਸਪੀਕਰ ਨੇ 38 ਮੈਂਬਰਾਂ ਦਾ ਨਾਂ ਲਿਆ ਅਤੇ ਉਹਨਾਂ ਨੂੰ ਸਦਨ ਤੋਂ ਬਾਹਰ ਕੱਢਣ ਦਾ ਹੁਕਮ ਦਿੱਤਾ। ਇਸ ਤੋਂ ਪਹਿਲਾਂ ਅਜਿਹੀ ਗੱਲ ਕਦੇ ਨਹੀਂ ਵਾਪਰੀ।
ਸਰਦਾਰ ਬਦਲ ਨੇ ਕਿਹਾ ਕਿ ਵਿਰੋਧੀ ਧਿਰ ਉੱਤੇ ਅਜਿਹਾ ਹਿੰਸਕ ਹਮਲਾ ਇਸ ਲਈ ਕੀਤਾ ਗਿਆ ਕਿਉਂਕਿ ਅਕਾਲੀ-ਭਾਜਪਾ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਿਲਾਫ ਦੋ ਵਿਸ਼ੇਸ਼ ਅਧਿਕਾਰ ਮਤੇ ਪੇਸ਼ ਕੀਤੇ ਸਨ। ਪਹਿਲੇ ਮਤੇ ਵਿਚ ਮਨਪ੍ਰੀਤ ਵੱਲੋਂ ਕਿਸਾਨਾਂ ਦੀ ਮੰਗਤਿਆਂ ਨਾਲ ਕੀਤੀ ਤੁਲਨਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ ਅਤੇ ਦੂਜੇ ਮਤਾ ਬਜਟ ਦੇ ਅੰਕੜਿਆਂ ਵਿਚ ਕੀਤੀ ਹੇਰਾਫੇਰੀ ਬਾਰੇ ਸੀ। ਉਹਨਾਂ ਕਿਹਾ ਕਿ ਇਹਨਾਂ ਦੋਵੇਂ ਮੁੱਦਿਆਂ ਉੱਤੇ ਬਹਿਸ ਕਰਵਾਉਣ ਦੀ ਥਾਂ ਸਪੀਕਰ ਨੇ ਸਮੁੱਚੀ ਵਿਰੋਧੀ ਧਿਰ ਨੂੰ ਸਦਨ ਵਿਚੋਂ ਜਬਰਦਸਤੀ ਖਿੱਚ-ਧੂਹਕੇ ਬਾਹਰ ਕੱਢਣ ਦਾ ਹੁਕਮ ਸੁਣਾ ਦਿੱਤਾ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹਨਾਂ ਦੀ ਪਾਰਟੀ ਦਸਤਾਰ ਦੀ ਬੇਅਦਬੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਕਿਹਾ ਕਿ ਬੇਸੱਥਕ ਇਹ ਮੰਦਭਾਗੀ ਘਟਨਾ ਆਪ ਦੇ ਵਿਧਾਇਕਾਂ ਨਾਲ ਵਾਪਰੀ ਹੈ, ਪਰ ਫਿਰ ਵੀ ਅਸੀਂ ਇਸ ਦਾ ਵਿਰੋਧ ਕੀਤਾ ਹੈ। ਜੇਕਰ ਅਜਿਹੀ ਘਟਨਾ ਕਿਸੇ ਕਾਂਗਰਸੀ ਵਿਧਾਇਕ ਨਾਲ ਵਾਪਰਦੀ ਤਾਂ ਵੀ ਇਸ ਦਾ ਵਿਰੋਧ ਕਰਨਾ ਸੀ।

Be the first to comment

Leave a Reply