ਅਕਾਲੀ ਭਾਜਪਾ ਸਰਕਾਰ ‘ਚ ਵੇਅਰ ਹਾਊਸਿੰਗ ਦੇ ਟੈਂਡਰ ‘ਚ ਵੱਡੀ ਘਪਲੇਬਾਜੀ ਹੋਈ: ਦੀਵਾਨ

ਲੁਧਿਆਣਾ ( ਰਾਜ ਗੋਗਨਾ)- : ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਨੇ ਅਕਾਲੀ ਭਾਜਪਾ ਸ਼ਾਸਨ ਦੌਰਾਨ ਖੁਰਾਕ ਤੇ ਸਪਲਾਈ ਵਿਭਾਗ ‘ਚ ਵੇਅਰ ਹਾਊਸਿੰਗ ਦਾ ਟੈਂਡਰ ਦੇਣ ‘ਚ ਵੱਡੀ ਘਪਲੇਬਾਜੀ ਹੋਣ ਦਾ ਦੋਸ਼ ਲਗਾਇਆ ਹੈ।
ਇਥੇ ਜ਼ਾਰੀ ਬਿਆਨ ‘ਚ, ਦੀਵਾਨ ਨੇ ਖੁਲਾਸਾ ਕੀਤਾ ਕਿ ਸਾਬਕਾ ਮੁੱਖ ਮੰਤਰੀ ਦੇ ਜਵਾਈ ਦੇ ਅਧੀਨ ਪਨਗ੍ਰੇਨ ‘ਚ ਵੇਅਰ ਹਾਊਸਿੰਗ ਲਈ ਟੈਂਡਰ ਦੇਣ ‘ਚ ਕਰੋੜਾਂ ਰੁਪਏ ਦਾ ਘੁਟਾਲਾ ਹੋਇਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਪ੍ਰੀਕ੍ਰਿਆ ਅਧੀਨ ਸੁਪਰੀਮ ਕੋਰਟ ਦੇ ਟੈਂਡਰ ਅਲਾਟ ਕਰਨ ਸਬੰਧੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਗਿਆ ਹੈ। ਇਸੇ ਤਰ੍ਹਾਂ, ਸਾਇਲੋ ਦੇ ਟੈਂਡਰ ਨੂੰ ਘੱਟ ਰੇਟ ‘ਤੇ ਦਿੱਤਾ ਜਾਣਾ ਚਾਹੀਦਾ ਸੀ, ਪਰ ਇਥੇ ਵੀ ਸਰਕਾਰ ਨੂੰ ਚੂਨਾ ਲਗਾਉਂਦਿਆਂ, ਆਪਣੇ ਖਾਸ ਵਿਅਕਤੀਆਂ ਨੂੰ ਵਾਧੂ ਕਿਰਾਏ ‘ਤੇ ਦੇਣ ਦਾ ਐਗਰੀਮੇਂਟ ਕੀਤਾ ਗਿਆ। ਜਦਕਿ ਬਹੁਤ ਸਾਰੇ ਲੋਕ ਇਸਨੂੰ ਘੱਟ ਕਿਰਾਏ ‘ਤੇ ਬਣਾ ਕੇ ਦੇਣ ਲਈ ਤਿਆਰ ਸਨ। ਇਥੋਂ ਤੱਕ ਕਿ ਕਈ ਆਪਣੇ ਖਾਸ ਵਿਅਕਤੀਆਂ ਨੂੰ ਇਨ੍ਹਾਂ ਨੇ ਲੋੜੀਂਦੀਆਂ ਤਕਨੀਕੀ ਸ਼ਰਤਾਂ ਪੂਰੀਆਂ ਕੀਤੇ ਬਗੈਰ ਟੈਂਡਰ ਦੇ ਦਿੱਤਾ।
ਦੀਵਾਨ ਨੇ ਦੱਸਿਆ ਕਿ ਇਹ ਟੈਂਡਰ ਵੇਅਰ ਹਾਊਸਿੰਗ ਲਈ ਨਵੀਂ ਤਕਨੀਕ ਸਾਇਲੋ ‘ਤੇ ਅਧਾਰਿਤ ਗੋਦਾਮਾਂ ਲਈ ਸਨ, ਜਿਸਦਾ ਟੀਚਾ ਸਰਕਾਰ ਨੂੰ ਆਰਥਿਕ ਫਾਇਦਾ ਦਿਲਾਉਣ ਦੇ ਨਾਲ ਨਾਲ ਸਟੋਰ ਕੀਤੀਆਂ ਜਾਣ ਵਾਲੀਆਂ ਵਸਤਾਂ ਦੀ ਉਮਰ ਨੂੰ ਵੀ ਵਧਾਉਣਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਸਾਫ ਤੌਰ ‘ਤੇ ਨਿਯਮਾਂ ਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦਾ ਉਲੰਘਣ ਹੈ ਤੇ ਇਸਦੇ ਵਿਰੁੱਧ ਜ਼ਲਦੀ ਹੀ ਹਾਈ ਕੋਰਟ ‘ਚ ਅਪੀਲ ਦਾਇਰ ਕੀਤੀ ਜਾਵੇਗੀ।

Be the first to comment

Leave a Reply