ਅਗਲੇ ਸਾਲ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਵਿਚ ਮੁੱਖ ਮਹਿਮਾਨ ਹੋਣਗੇ

ਨਵੀਂ ਦਿੱਲੀ/ ਵਾਸ਼ਿੰਗਟਨ—ਅਗਲੇ ਸਾਲ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਵਿਚ ਮੁੱਖ ਮਹਿਮਾਨ ਹੋਣਗੇ। ਗਣਤੰਤਰ ਦਿਵਸ ਪਰੇਡ ਲਈ ਭਾਰਤ ਨੇ ਟਰੰਪ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ। ਟਰੰਪ ਨੂੰ ਸੱਦਾ ਭੇਜਣ ਮਗਰੋਂ ਅਜੇ ਤਕ ਉਨ੍ਹਾਂ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ।
ਭਾਰਤ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਨੂੰ ਇਹ ਸੱਦਾ ਇਸ ਸਾਲ ਅਪ੍ਰੈਲ ‘ਚ ਭੇਜਿਆ ਸੀ। ਅਜਿਹੇ ਸੰਕੇਤ ਹਨ ਕਿ ਟਰੰਪ ਪ੍ਰਸ਼ਾਸਨ ਭਾਰਤ ਦੇ ਇਸ ਸੱਦੇ ‘ਤੇ ਹਾਂ-ਪੱਖੀ ਢੰਗ ਨਾਲ ਵਿਚਾਰ ਕਰ ਰਿਹਾ ਹੈ। ਭਾਰਤ ਨੇ ਇਹ ਸੱਦਾ ਦੋਵਾਂ ਦੇਸ਼ਾਂ ਵਿਚਾਲੇ ਕਈ ਗੇੜ ਦੀ ਡਿਪਲੋਮੈਟਿਕ ਚਰਚਾ ਹੋਣ ਮਗਰੋਂ ਭੇਜਿਆ ਹੈ। ਤੁਹਾਨੂੰ ਦੱਸ ਦਈਏ ਕਿ 2015 ‘ਚ ਆਯੋਜਿਤ ਹੋਈ ਗਣਤੰਤਰ ਦਿਵਸ ਪਰੇਡ ‘ਚ ਉਸ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਮੋਦੀ ਸਰਕਾਰ ਦੇ ਪਹਿਲੇ ਮੁੱਖ ਮਹਿਮਾਨ ਬਣੇ ਸਨ।