ਅਜੈ ਸਿੰਘ ਨੇ ਖੈਬਰ ਪਖਤੂਨਖਵਾ ਸਰਕਾਰ ਤੇ ਕਾਤਲ ਨੂੰ ਸਨਮਾਣ ਦੇਣ ਦਾ ਲਾਇਆ ਇਲਜ਼ਾਮ

ਪਿਸ਼ਾਵਰ: ਪਾਕਿਸਤਾਨ ਦੇ ਮਰਹੂਮ ਸਿੱਖ ਸਾਂਸਦ ਦਾ ਬੇਟਾ ਸਰਕਾਰ ਤੋਂ ਖਫਾ ਹੈ। ਮਰਹੂਮ ਸੰਸਦ ਮੈਂਬਰ ਸੋਰਨ ਸਿੰਘ ਦੇ ਪੁੱਤਰ ਅਜੈ ਸਿੰਘ ਨੇ ਖੈਬਰ ਪਖਤੂਨਖਵਾ ਸਰਕਾਰ ਉੱਪਰ ਉਨ੍ਹਾਂ ਦੇ ਪਿਤਾ ਦੇ ਕਾਤਲ ਨੂੰ ਸਨਮਾਣ ਦੇਣ ਦਾ ਇਲਜ਼ਾਮ ਲਾਇਆ ਹੈ। ਪਾਕਿਸਤਾਨ ਤਹਿਰੀਕ ਏ ਇਨਸਾਫ਼ ਪਾਰਟੀ ਦੇ ਸੰਸਦ ਮੈਂਬਰ ਸਰਦਾਰ ਸੋਰਨ ਸਿੰਘ ਨੂੰ ਅਪਰੈਲ 2016 ਵਿੱਚ ਸੂਬੇ ਦੇ ਬੁਨੇਰ ਜ਼ਿਲ੍ਹੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਸੂਬਾਈ ਅਸੈਂਬਲੀ ਲਈ ਘੱਟ ਗਿਣਤੀ ਸੀਟ ਤੋਂ ਚੁਣੇ ਗਏ ਸਨ। ਅਜੈ ਸਿੰਘ ਨੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਪਰਵੇਜ਼ ਖੱਟਕ ਤੇ ਸੂਬਾਈ ਅਸੈਂਬਲੀ ਦੇ ਸਪੀਕਰ ’ਤੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਨੇ ਅਗਾਮੀ ਸੈਨੇਟ ਚੋਣਾਂ ਵਿੱਚ ਮਹਿਜ਼ ਇੱਕ ਵੋਟ ਖਾਤਰ ਉਸ ਦੇ ਪਿਤਾ ਦੇ ਕਥਿਤ ਕਾਤਲ ਨੂੰ ਅਸੈਂਬਲੀ ’ਚ ਆਉਣ ਦਾ ਸੱਦਾ ਦਿੱਤਾ ਹੈ। ਅਜੈ ਸਿੰਘ ਨੇ ਸੂਬਾਈ ਸਰਕਾਰ ਨੂੰ ਅਪੀਲ ਕੀਤੀ ਕਿ ਤਿੰਨ ਮਾਰਚ ਨੂੰ ਹੋਣ ਵਾਲੀ ਸੈਨੇਟ ਦੀ ਚੋਣ ਮੌਕੇ ਉਸ ਦੇ ਪਿਤਾ ਦੇ ਕਾਤਲ ਨੂੰ ਵੋਟਿੰਗ ਲਈ ਨਾ ਸੱਦਿਆ ਜਾਵੇ। ਅਜੈ ਨੇ ਦਾਅਵਾ ਕੀਤਾ ਕਿ ਘੱਟ ਗਿਣਤੀਆਂ ਲਈ ਰਾਖਵੀਂ ਸੀਟ ’ਤੇ ਪਾਕਿਸਤਾਨ ਤਹਿਰੀਕੇ ਇਨਸਾਫ਼ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਵਿੱਚ ਦੂਜੇ ਨੰਬਰ ’ਤੇ ਕਾਬਜ਼ ਬਲਦੇਵ ਕੁਮਾਰ ਉਸ ਦੇ ਪਿਤਾ ਦਾ ਕਥਿਤ ਕਾਤਲ ਹੈ। ਕੁਮਾਰ ਖ਼ਿਲਾਫ਼ ਪਿਸ਼ਾਵਰ ਦੀ ਅਤਿਵਾਦ ਵਿਰੋਧੀ ਅਦਾਲਤ ’ਚ ਕੇਸ ਚੱਲ ਰਿਹਾ ਹੈ।

Be the first to comment

Leave a Reply