ਅਤਿਵਾਦੀਆਂ ਵੱਲੋਂ ਪਾਕਿਸਤਾਨ ਵਿੱਚ ਸਾੜਿਆ ਸਕੂਲ

ਇਸਲਾਮਾਬਾਦ – ਪਾਕਿਸਤਾਨ ਵਿੱਚ ਤਣਾਅਗ੍ਰਸਤ ਇਲਾਕੇ ਗਿਲਗਿਤ-ਬਾਲਟਿਸਤਾਨ ਵਿੱਚ ਅਤਿਵਾਦੀਆਂ ਨੇ 12 ਸਕੂਲਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਨ੍ਹਾਂ ’ਚੋਂ ਅੱਧੇ ਸਕੂਲ ਕੁੜੀਆਂ ਦੇ ਸਨ। ਇਸ ਦੌਰਾਨ ਸਥਾਨਕ ਲੋਕਾਂ ਨੇ ਅਕਸਰ ਅਤਿਵਾਦੀਆਂ ਦੇ ਨਿਸ਼ਾਨੇ ’ਤੇ ਰਹਿਣ ਵਾਲੀਆਂ ਸਿੱਖਿਆ ਸੰਸਥਾਵਾਂ ਦੀ ਸੁਰੱਖਿਆ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ। ਪੁਲੀਸ ਨੇ ਦੱਸਿਆ ਕਿ ਗਿਲਗਿਤ ਤੋਂ ਕਰੀਬ 130 ਕਿਲੋਮੀਟਰ ਦੂਰ ਚਿਲਾਸ ਵਿੱਚ ਕੱਲ੍ਹ ਰਾਤ ਅਣਪਛਾਤੇ ਵਿਅਕਤੀਆਂ ਨੇ ਇਨ੍ਹਾਂ ਸਕੂਲਾਂ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਨੇ ਪੂਰੇ ਡਾਇਮਰ ਜ਼ਿਲ੍ਹੇ ਵਿੱਚ ਸਕੂਲੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ। ਜ਼ਿਲ੍ਹੇ ਦੇ ਪੁਲੀਸ ਮੁਖੀ ਰਾਏ ਅਜਮਲ ਨੇ ਮੀਡੀਆ ਨੂੰ ਦੱਸਿਆ ਕਿ ਅਤਿਵਾਦੀਆਂ ਨੇ 12 ਸਕੁੂਲਾਂ ਨੂੰ ਨਿਸ਼ਾਨਾ ਬਣਾਇਆ ਹੈ ਜਿਨ੍ਹਾਂ ’ਚ ਅੱਧੇ ਸਕੂਲ ਕੁੜੀਆਂ ਦੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹੇ ਦੇ ਕਮਿਸ਼ਨਰ ਅਬਦੁਲ ਵਾਹਿਦ ਨੇ ਦੱਸਿਆ ਕਿ ਕਿਸੇ ਵੀ ਸਕੂਲ ਵਿੱਚ ਹੁਣ ਤੱਕ ਬੰਬ ਹਮਲੇ ਦਾ ਸਬੂਤ ਨਹੀਂ ਮਿਲਿਆ ਹੈ। ਅਧਿਕਾਰੀਆਂ ਨੇ ਦੱਸਿਆ ਜਿਨ੍ਹਾਂ ਸਕੂਲਾਂ ਨੂੰ ਅੱਗ ਲਗਾਈ ਗਈ ਹੈ ਉਨ੍ਹਾਂ ’ਚ ਕਈ ਨਿਰਮਾਣ ਅਧੀਨ ਸਨ। ਇਨ੍ਹਾਂ ਹਮਲਿਆਂ ਤੋਂ ਬਾਅਦ ਸਥਾਨਕ ਲੋਕਾਂ ਨੇ ਸਿੱਦੀਕੀ ਅਕਬਰ ਚੌਕ ’ਤੇ ਪ੍ਰਦਰਸ਼ਨ ਕੀਤਾ ਅਤੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਅਤੇ ਸਿੱਖਿਆ ਸੰਸਥਾਵਾਂ ਦੀ ਸੁਰੱਖਿਆ ਦੀ ਮੰਗ ਕੀਤੀ।