ਅਧਿਆਪਕਾਂ ਦੀਆਂ ਤਰੱਕੀਆਂ ਨੂੰ ਲੈ ਕੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਦਾ ਅਹਿਮ ਫੈਸਲਾ….

ਚੰਡੀਗੜ੍ਹ  –  ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਤਰੱਕੀਆਂ ਦੀ ਖੜੋਤ ਨੂੰ ਖਤਮ ਕਰਨ ਲਈ ਇਕ ਅਹਿਮ ਫੈਸਲਾ ਕਰਦਿਆਂ ਸਾਲ ਵਿਚ ਦੋ ਵਾਰ ਵਿਭਾਗੀ ਤਰੱਕੀ ਕਮੇਟੀ (ਡੀ. ਪੀ. ਸੀ.) ਦੀ ਮੀਟਿੰਗ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨਾਲ ਤਰੱਕੀ ਦੇ ਯੋਗ ਅਧਿਆਪਕ ਨਿਰਧਾਰਤ ਸਮੇਂ ਅੰਦਰ ਤਰੱਕੀ ਹਾਸਲ ਕਰਨਗੇ। ਇਹ ਖੁਲਾਸਾ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਅੱਜ ਇਥੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਕੀਤਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਵਿਭਾਗ ਵਿਚ ਅਧਿਆਪਕਾਂ ਦੀਆਂ ਤਰੱਕੀਆਂ ਦੀ ਖੜੋਤ ਖਤਮ ਕਰਨ ਅਤੇ ਅਧਿਆਪਕਾਂ ਵੱਲੋਂ ਖੁਦ ਵਾਰ-ਵਾਰ ਤਰੱਕੀ ਲਈ ਕੇਸ ਭੇਜਣ ਦੀ ਪ੍ਰਥਾ ਨੂੰ ਖਤਮ ਕਰਦਿਆਂ ਇਹ ਫੈਸਲਾ ਕੀਤਾ ਗਿਆ ਹੈ ਕਿ ਵਿਭਾਗ ਹਰ ਸਾਲ ਦੋ ਵਾਰ ਡੀ. ਪੀ. ਸੀ. ਕਰੇਗਾ ਅਤੇ ਸਬੰਧਤ ਜ਼ਿੰਮੇਵਾਰ ਅਧਿਕਾਰੀ ਆਪਣੇ ਅਧਿਕਾਰ ਖੇਤਰ ਵਿਚ ਆਉਦੇ ਅਧਿਆਪਕਾਂ ਦੇ ਰਿਕਾਰਡ ਨੂੰ ਮੇਨਟੇਨ ਕਰਨਗੇ। ਸਿੱਖਿਆ ਮੰਤਰੀ ਨੇ ਦੱਸਿਆ ਕਿ ਹਰ ਛੇ ਮਹੀਨਿਆਂ ਬਾਅਦ ਹੋਣ ਵਾਲੀ ਡੀ. ਪੀ. ਸੀ. ਵਿਚ ਆਉਂਦੇ ਛੇ ਮਹੀਨਿਆਂ ਵਿਚ ਖਾਲੀ ਹੋਣ ਵਾਲੀਆਂ ਪੋਸਟਾਂ ਨੂੰ ਵੀ ਧਿਆਨ ਵਿਚ ਰੱਖਦਿਆਂ ਅਧਿਆਪਕਾਂ ਦੀ ਤਰੱਕੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਵੀ ਧਿਆਨ ਵਿਚ ਆਇਆ ਹੈ ਕਿ ਅਧਿਆਪਕਾਂ ਦੀ ਸੀਨੀਆਰਤਾ ਸੂਚੀ ਨਾਲ ਸਬੰਧਤ ਕਈ ਮਾਮਲੇ ਅਕਸਰ ਲਟਕਦੇ ਰਹਿੰਦੇ ਹਨ ਅਤੇ ਹੁਣ ਇਸ ਮਾਮਲੇ ਨੂੰ ਪੱਕੇ ਤੌਰ ‘ਤੇ ਹੱਲ ਕਰਨ ਦੇ ਮਕਸਦ ਤਹਿਤ ਹਰ ਡੀ. ਪੀ. ਸੀ. ਤੋਂ ਪਹਿਲਾਂ ਸੀਨੀਆਰਤਾ ਸੂਚੀ ਨੂੰ ਅਪਡੇਟ ਕਰਨ ਦਾ ਫੈਸਲਾ ਕੀਤਾ ਗਿਆ ਹੈ।

Be the first to comment

Leave a Reply