ਅਨੁਸੂਚਿਤ ਜਾਤੀ ਦੀ ਵਿਦਿਆਰਥਣ ਨਾਲ ਕੀਤੇ ਭੇਦਭਾਵ ਦੀ ਜਾਂਚ 4 ਮੈਂਬਰੀ ਕਮੇਟੀ ਕਰੇਗੀ

ਪਟਿਆਲਾ – ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਹੈ ਕਿ ਪਿੰਡ ਟੌਹੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਅਨੁਸੂਚਿਤ ਜਾਤੀ ਦੀ ਇਕ ਵਿਦਿਆਰਥਣ ਨਾਲ ਪਿਛਲੇ ਸਮੇਂ ਵਿਚ ਕਿਸੇ ਅਧਿਆਪਕ ਵੱਲੋਂ ਕੀਤੇ ਗਏ ਭੇਦਭਾਵ ਕਾਰਨ ਪੈਦਾ ਹੋਏ ਵਿਵਾਦ ਦੀ ਪੜਤਾਲ ਸਬੰਧੀ ਗਠਿਤ 4 ਮੈਂਬਰੀ ਕਮੇਟੀ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜਾਂਚ ਕਰੇਗੀ। ਸ. ਧਰਮਸੌਤ ਨੇ ਅੱਜ ਇਸ ਸਕੂਲ ਦਾ ਦੌਰਾ ਕਰ ਕੇ ਅਧਿਆਪਕਾਂ, ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਹ ਕਮੇਟੀ ਦੋ ਦਿਨਾਂ ‘ਚ ਜਾਂਚ ਕਰ ਕੇ ਰਿਪੋਰਟ ਦੇਵੇਗੀ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐੈੱਸ. ਪੀ. ਟ੍ਰੈਫਿਕ ਅਮਰਜੀਤ ਸਿੰਘ ਘੁੰਮਣ ਤੇ ਐੈੱਸ. ਡੀ. ਐੈੱਮ. ਨਾਭਾ ਅਮਿਤ ਕੁਮਾਰ ਸਮੇਤ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸੁਰਿੰਦਰ ਕੌਰ ਆਦਿ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਸ. ਧਰਮਸੌਤ ਨੇ ਕਿਹਾ ਕਿ ਪਿੰਡ ਟੌਹੜਾ ਦੇ ਸਕੂਲ ਦੀ ਇਕ ਵਿਦਿਆਰਥਣ ਨਾਲ ਸਬੰਧਤ ਵਿਵਾਦ ਬਾਬਤ ਉਨ੍ਹਾਂ ਨੂੰ ਪਤਾ ਲੱਗਣ ਮਗਰੋਂ ਉਨ੍ਹਾਂ ਤੁਰੰਤ ਡਿਪਟੀ ਕਮਿਸ਼ਨਰ ਸਮੇਤ ਇਸ ਸਕੂਲ ਦਾ ਦੌਰਾ ਕਰ ਕੇ ਵਿਦਿਆਰਥੀਆਂ, ਸਕੂਲ ਪ੍ਰਿੰਸੀਪਲ, ਅਧਿਆਪਕਾਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੂਰੇ ਮਾਮਲੇ ਦੀ ਪੜਤਾਲ ਕਰਨ ਲਈ ਉਨ੍ਹਾਂ ਡੀ. ਸੀ. ਨੂੰ ਜਾਂਚ ਕਰ ਕੇ ਰਿਪੋਰਟ ਦੇਣ ਲਈ ਆਖਿਆ ਹੈ। ਰਿਪੋਰਟ ਆਉਣ ਉਪਰੰਤ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸੇ ਨਾਲ ਵਧੀਕੀ ਨਹੀਂ ਕੀਤੀ ਜਾਵੇਗੀ।

Be the first to comment

Leave a Reply