ਅਫ਼ਗ਼ਾਨ ਟੀਮ ਇਤਿਹਾਸਕ ਟੈਸਟ ਦੋ ਦਿਨ ’ਚ ਹਾਰੀ

ਬੰਗਲੌਰ – ਅਫ਼ਗ਼ਾਨਿਸਤਾਨ ਦਾ ਪਰੀ ਕਥਾ ਲਿਖਣ ਦਾ ਸੁਪਨਾ ਅੱਜ ਉਦੋਂ ਬੁਰੇ ਸੁਪਨੇ ’ਚ ਤਬਦੀਲ ਹੋ ਗਿਆ ਜਦੋਂ ਭਾਰਤ ਦੀ ਕ੍ਰਿਕਟ ਟੀਮ ਨੇ ਅੱਜ ਇਥੇ ਇਤਿਹਾਸਕ ਇਕਮਾਤਰ ਟੈਸਟ ਮੈਚ ਦੇ ਦੂਜੇ ਦਿਨ ਅਫ਼ਗ਼ਾਨ ਟੀਮ ਨੂੰ ਪਾਰੀ ਤੇ 262 ਦੌੜਾਂ ਦੀ ਵੱਡੀ ਸ਼ਿਕਸਤ ਦਿੱਤੀ। ਕ੍ਰਿਕਟ ਦੀ ਸਭ ਤੋਂ ਲੰਮੀ ਵੰਨਗੀ ਦੀ ਗੈਰਤਜਰਬੇਕਾਰ ਟੀਮ ਅੱਜ ਇਥੇ ਮੇਜ਼ਬਾਨ ਟੀਮ ਵੱਲੋਂ ਪਹਿਲੀ ਪਾਰੀ ਵਿੱਚ ਬਣਾਈਆਂ 474 ਦੌੜਾਂ ਦੇ ਜਵਾਬ ਵਿੱਚ ਆਪਣੀ ਪਹਿਲੀ ਤੇ ਦੂਜੀ ਪਾਰੀ ਵਿੱਚ ਕ੍ਰਮਵਾਰ 109 ਤੇ 103 ਦੌੜਾਂ ’ਤੇ ਢੇਰ ਹੋ ਗਈ। ਉਂਜ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਟੈਸਟ ਮੈਚ ਦੋ ਦਿਨਾਂ ਦੇ ਅੰਦਰ ਫ਼ਤਹਿ ਕੀਤਾ ਹੈ ਜਦੋਂ ਕਿ ਟੈਸਟ ਕ੍ਰਿਕਟ ਦੇ ਇਸ ਰਵਾਇਤੀ ਰੂਪ ਦੇ 141 ਸਾਲਾਂ ਦੇ ਇਤਿਹਾਸ ਵਿੱਚ ਇਹ 21ਵਾਂ ਮੌਕਾ ਸੀ। ਭਾਰਤ ਹਾਲਾਂਕਿ ਇਕ ਦਿਨ ਵਿੱਚ 20 ਵਿਕਟਾਂ ਲੈਣ ਵਾਲੀ ਪਹਿਲੀ ਟੀਮ ਬਣ ਗਈ ਹੈ। ਅਫ਼ਗ਼ਾਨਿਸਤਾਨ ਦੀ ਟੀਮ ਕ੍ਰਿਕਟ ਦੀ ਛੋਟੀ ਵੰਨਗੀ ਭਾਵ ਇਕ ਰੋਜ਼ਾ ਕ੍ਰਿਕਟ ਵਿੱਚ ਪ੍ਰਭਾਵਸ਼ਾਲੀ ਰਹੀ ਹੈ, ਪਰ ਉਹ ਅੱਜ ਕੁੱਲ 66.3 ਓਵਰ (27.5 ਤੇ 38.4 ਓਵਰ) ਹੀ ਖੇਡ ਸਕੀ। ਪਰ ਇਥੇ ਇਹ ਗੰਭੀਰ ਸਵਾਲ ਉੱਠਦਾ ਹੈ ਕਿ ਕੀ ਉਹ ਪੰਜ ਰੋਜ਼ਾ ਕ੍ਰਿਕਟ ਦੀ ਮੰਗ ਮੁਤਾਬਕ ਖੇਡਣ ਲਈ ਤਿਆਰ ਹਨ। ਅਫ਼ਗ਼ਾਨ ਟੀਮ ਨੂੰ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ 15 ਤੋਂ ਘੱਟ ਮੈਚ ਖੇਡਣ ਦਾ ਤਜਰਬਾ ਹੈ, ਲਿਹਾਜ਼ਾ ਟੈਸਟ ਕ੍ਰਿਕਟ ਲਈ ਉਨ੍ਹਾਂ ਲਈ ਸੌਖਾ ਨਹੀਂ ਹੋਵੇਗਾ। ਅਫ਼ਗਾਨ ਟੀਮ ਦੀ ਸਭ ਤੋਂ ਵੱਡੀ ਕਮਜ਼ੋਰੀ ਬੱਲੇਬਾਜ਼ੀ ਰਹੀ ਹੈ। ਟੀਮ ਦੇ ਗੈਰਤਜਰਬੇਕਾਰ ਬੱਲੇਬਾਜ਼ਾਂ ਕੋਲ ਈਸ਼ਾਂਤ ਸ਼ਰਮਾ (28 ਦੌੜਾਂ ਬਦਲੇ ਦੋ ਵਿਕਟ ਤੇ 17 ਦੌੜਾਂ ਦੇ ਕੇ ਦੋ ਵਿਕਟ) ਅਤੇ ਉਮੇਸ਼ ਯਾਦਵ (18/1 ਤੇ 26/3) ਦੀ ਸਵਿੰਗ ਤੇ ਸੀਮ ਅਤੇ ਰਵੀਚੰਦਰਨ ਅਸ਼ਵਿਨ ਤੇ ਰਵਿੰਦਰ ਜਡੇਜਾ ਦੀ ਫਿਰਕੀ ਨਾਲ ਸੰਤੁਲਨ ਬਣਾਉਣ ਲਈ ਨਾ ਤਾਂ ਕੋਈ ਤਕਨੀਕ ਸੀ ਤੇ ਨਾ ਸੰਜਮ। ਉਮੇਸ਼ ਤੇ ਈਸ਼ਾਂਤ ਵੱਲੋਂ ਸਿਖਰਲੇ ਕ੍ਰਮ ਦੇ ਬੱਲੇਬਾਜ਼ਾਂ ਨੂੰ ਆਊਟ ਕਰਨ ਮਗਰੋਂ ਅਸ਼ਵਿਨ ਤੇ ਜਡੇਜਾ ਨੇ ਮੱਧ ਤੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੂੰ ਮੈਦਾਨ ਤੋਂ ਲਾਂਭੇ ਕਰਨ ਲੱਗਿਆਂ ਦੇਰ ਨਾ ਲਾਈ। ਇਸ ਤੋਂ ਪਹਿਲਾਂ ਅਫ਼ਗ਼ਾਨਿਸਤਾਨ ਦੀ ਪਹਿਲੀ ਪਾਰੀ ਦੇ ਪਤਨ ਦੀ ਸ਼ੁਰੂਆਤ ਮੁਹੰਮਦ ਸ਼ਹਿਜ਼ਾਦ (14) ਦੇ ਰਨ ਆਊਟ ਹੋਣ ਨਾਲ ਹੋਈ। ਦੂਜੀ ਪਾਰੀ ਵਿੱਚ ਸ਼ਹਿਜ਼ਾਦ (13) ਉਮੇਸ਼ ਦੀ ਆਊਟਸਵਿੰਗਰ ਗੇਂਦ ਨੂੰ ਬੱਲਾ ਲਾ ਕੇ ਕੈਚ ਦੇ ਬੈਠਾ। ਕਾਊਂਟੀ ਕ੍ਰਿਕਟ ਖੇਡ ਕੇ ਪਰਤੇ ਈਸ਼ਾਂਤ ਨੇ ਮਗਰੋਂ ਬਿਹਤਰੀਨ ਲਾਈਨ ਨਾਲ ਗੇਂਦਬਾਜ਼ੀ ਕਰਦਿਆਂ ਅਫ਼ਗ਼ਾਨ ਟੀਮ ਦੇ ਸਿਖਰਲੇ ਕ੍ਰਮ ਨੂੰ ਪੈਵਿਲੀਅਨ ਭੇਜਿਆ। ਦੋਵਾਂ ਤੇਜ਼ ਗੇਂਦਬਾਜ਼ਾਂ ਨੇ ਬਿਹਤਰੀਨ ਗੇਂਦਬਾਜ਼ੀ ਕੀਤੀ ਤੇ ਅਫ਼ਗਾਨ ਬੱਲੇਬਾਜ਼ਾਂ ਨੂੰ ਗਲਤੀਆਂ ਕਰਨ ਲਈ ਮਜਬੂਰ ਕੀਤਾ। ਮਗਰੋਂ ਅਸ਼ਵਿਨ ਨੇ ਵਿਰੋਧੀ ਕਪਤਾਨ ਅਸਗਰ ਸਟੇਨਿਕਜ਼ਈ (11) ਨੂੰ ਆਪਣੀ ਆਫ਼ ਬ੍ਰੇਕ ਗੇਂਦ ਨਾਲ ਝਕਾਨੀ ਦਿੱਤੀ। ਇਸ ਮਗਰੋਂ ਅਫ਼ਗ਼ਾਨ ਟੀਮ ਦੀਆਂ ਵਿਕਟਾਂ ਡਿੱਗਣ ਦਾ ਕ੍ਰਮ ਲਗਾਤਾਰ ਚਲਦਾ ਰਿਹਾ। ਸਟੇਨਿਕਜ਼ਈ ਦੂਜੀ ਪਾਰੀ ਵਿੱਚ ਜਡੇਜਾ ਦੀ ਗੇਂਦ ’ਤੇ ਖ਼ਰਾਬ ਸ਼ਾਟ ਖੇਡਦਿਆਂ ਸਿਖਰ ਧਵਨ ਨੂੰ ਕੈਚ ਦੇ ਬੈਠਾ। ਇਸ ਤੋਂ ਪਹਿਲਾਂ ਹਰਫ਼ਨਮੌਲਾ ਹਾਰਦਿਕ ਪੰਡਿਆ ਦੀ ਚੌਕਸੀ ਤੇ ਹਮਲਾਵਰ ਮਿਸ਼ਰਣ ਵਾਲੀ 71 ਦੌੜਾਂ ਦੀ ਪਾਰ ਸਦਕਾ ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 474 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਪੰਡਿਆ ਦੀ ਪਾਰੀ ਦਾ ਅੰਤ ਵਫਾਦਾਰ ਨੇ ਕੀਤਾ। ਰਾਸ਼ਿਦ ਨੇ ਈਸ਼ਾਂਤ (8) ਨੂੰ ਲੱਤ ਅੜਿੱਕਾ ਆਊਟ ਕਰਕੇ ਭਾਰਤੀ ਪਾਰੀ ਦਾ ਅੰਤ ਕੀਤਾ।