ਅਫ਼ਗਾਨਿਸਤਾਨ ’ਚ ਨਹੀਂ ਭੇਜੀ ਜਾਵੇਗੀ ਭਾਰਤੀ ਫ਼ੌਜ

ਨਵੀਂ ਦਿੱਲੀ  – ਅਫ਼ਗ਼ਾਨਿਸਤਾਨ ’ਚ ਕਿਸੇ ਵੀ ਤਰ੍ਹਾਂ ਦੇ ਫ਼ੌਜੀ ਯੋਗਦਾਨ ਦੀਆਂ ਸੰਭਾਵਨਾਵਾਂ ਨੂੰ ਖ਼ਾਰਜ ਕਰਦਿਆਂ ਭਾਰਤ ਨੇ ਅੱਜ ਕਿਹਾ ਕਿ ਉਸ ਵੱਲੋਂ ਜੰਗ ਪ੍ਰਭਾਵਿਤ ਇਸ ਮੁਲਕ ਨੂੰ ਵਿਕਾਸ ਲਈ ਸਹਾਇਤਾ ਦਿੱਤੀ ਜਾਂਦੀ ਰਹੇਗੀ। ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਆਪਣੇ ਅਮਰੀਕੀ ਹਮਰੁਤਬਾ ਜੇਮਸ ਮੈਟਿਜ਼ ਨਾਲ ਗੱਲਬਾਤ ਬਾਅਦ ਇਹ ਟਿੱਪਣੀ ਕੀਤੀ। ਇਸ ਮੀਟਿੰਗ ਦੌਰਾਨ ਪਾਕਿਸਤਾਨ ਵੱਲੋਂ ਫੈਲਾਏ ਜਾ ਰਹੇ ਅਤਿਵਾਦ ਸਮੇਤ ਅਹਿਮ ਦੁਵੱਲੇ, ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ਉਤੇ ਚਰਚਾ ਕੀਤੀ ਗਈ। ਉੱਤਰੀ ਕੋਰੀਆ ਦੀਆਂ ਪਰਮਾਣੂ ਮਿਜ਼ਾਈਲ ਅਜ਼ਮਾਇਸ਼ਾਂ ਅਤੇ ਦੱਖਣੀ ਚੀਨ ਸਾਗਰ ਵਿੱਚ ਚੀਨ ਦੇ ਵਧ ਰਹੇ ਦਖ਼ਲ ਕਾਰਨ ਵਧ ਰਹੇ ਤਣਾਅ ਦੌਰਾਨ ਭਾਰਤ ਤੇ ਅਮਰੀਕਾ ਨੇ ਹਿੰਦ-ਮਹਾਸਾਗਰ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਤਾਲਮੇਲ ਹੋਰ ਵਧਾਉਣ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਅਫ਼ਗ਼ਾਨਿਸਤਾਨ ’ਤੇ ਚਰਚਾ ਦਾ ਜ਼ਿਕਰ ਕਰਦਿਆਂ ਸੀਤਾਰਾਮਨ ਨੇ ਦੱਸਿਆ ਕਿ ਜਮਹੂਰੀ, ਸਥਿਰ ਅਤੇ ਖੁਸ਼ਹਾਲ ਅਫ਼ਗਾਨਿਸਤਾਨ ਦੇ ਸਾਂਝੇ ਟੀਚੇ ਲਈ ਅਫ਼ਗਾਨ ਸਰਕਾਰ ਨਾਲ ਤਾਲਮੇਲ ਤੋਂ ਇਲਾਵਾ ਦੋਵੇਂ ਮੁਲਕ ਦੁਵੱਲੇ ਸਹਿਯੋਗ ਨੂੰ ਹੋਰ ਕਿਵੇਂ ਮਜ਼ਬੂਤ ਕਰ ਸਕਦੇ ਹਨ ਇਸ ਬਾਰੇ ਸਾਰਥਿਕ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਡੈਮ ਤੇ ਹਸਪਤਾਲ ਬਣਾਏ ਗਏ ਹਨ ਅਤੇ ਜੰਗ ਪ੍ਰਭਾਵਿਤ ਮੁਲਕ ਨੂੰ ਵਿਕਾਸ ਲਈ ਮਦਦ ਮੁਹੱਈਆ ਕਰਾਈ ਜਾਂਦੀ ਰਹੇਗੀ। ਸ੍ਰੀ ਮੈਟਿਜ਼ ਨਾਲ ਸਾਂਝੇ ਪ੍ਰੈੱਸ ਸੰਮੇਲਨ ਦੌਰਾਨ ਭਾਰਤ ਵੱਲੋਂ ਅਫ਼ਗਾਨਿਸਤਾਨ ’ਚ ਫ਼ੌਜੀ ਯੋਗਦਾਨ ਬਾਰੇ ਸਵਾਲਾਂ ’ਤੇ ਸੀਤਾਰਾਮਨ ਨੇ ਕਿਹਾ, ‘ਮੈਦਾਨ ’ਚ ਫੱਟੜ ਹੋਣ ਵਾਲਿਆਂ ਅਤੇ ਨਾਗਰਿਕਾਂ ਨੂੰ ਅਸੀਂ ਆਪਣੇ ਹਸਪਤਾਲਾਂ ’ਚ ਸਹੂਲਤਾਂ ਦਿੰਦੇ ਹਾਂ। ਇਹ ਮੈਡੀਕਲ ਸਹਾਇਤਾ ਜਾਰੀ ਰਹੇਗੀ। ਜੇਕਰ ਲੋੜ ਪਈ ਤਾਂ ਇਸ ਨੂੰ ਵਧਾਇਆ ਜਾਵੇਗਾ। ਅਸੀਂ ਸਪੱਸ਼ਟ ਕਰ ਚੁੱਕੇ ਹਾਂ ਕਿ ਜੰਗ ਦੇ ਮੈਦਾਨ ’ਚ ਭਾਰਤ ਦੀ ਭੂਮਿਕਾ ਨਹੀਂ ਹੋਵੇਗੀ।’ ਨਵੀਂ ਟਰੰਪ ਨੀਤੀ ਅਧੀਨ ਭਾਰਤ ਦਾ ਇਹ ਸਟੈਂਡ ਕਾਫ਼ੀ ਅਹਿਮ ਹੈ। ਹਾਲਾਂਕਿ ਅਮਰੀਕਾ ਇਸ ਜੰਗ ਪ੍ਰਭਾਵਿਤ ਮੁਲਕ ’ਚ ਭਾਰਤ ਦੀ ਵੱਡੀ ਭੂਮਿਕਾ ਚਾਹੁੰਦਾ ਹੈ। ਮੈਟਿਜ਼ ਨੇ ਕਿਹਾ, ‘ਅਫ਼ਗਾਨਿਸਤਾਨ ’ਚ ਭਾਰਤ ਦੇ ਅਣਮੁੱਲੇ ਯੋਗਦਾਨ ਦੀ ਅਸੀਂ ਸ਼ਲਾਘਾ ਕਰਦੇ ਹਾਂ ਅਤੇ ਉਸ ਦੀ ਜਮਹੂਰੀਅਤ, ਸਥਿਰਤਾ ਤੇ ਸੁਰੱਖਿਆ ਲਈ ਭਾਰਤ ਦੇ ਭਵਿੱਖੀ ਯਤਨਾਂ ਦਾ ਸਵਾਗਤ ਕਰਦੇ ਹਾਂ।’ ਪਾਕਿ ਤਰਫ਼ੋਂ ਸਰਹੱਦ ਪਾਰਲੇ ਅਤਿਵਾਦ ਬਾਰੇ ਭਾਰਤੀ ਚਿੰਤਾਵਾਂ ਦਾ ਜ਼ਿਕਰ ਕਰਦਿਆਂ ਸੀਤਾਰਾਮਨ ਨੇ ਕਿਹਾ ਕਿ ਇਸ ਮੁੱਦੇ ਉਤੇ ‘ਡੂੰਘਾਈ’ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਸ੍ਰੀ ਮੈਟਿਜ਼ ਨੇ ਕਿਹਾ ਕਿ ਅਤਿਵਾਦ ਲਈ ਸੁਰੱਖਿਅਤ ਪਨਾਹਗਾਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਨੁਮਾਇੰਦੇ ਸੱਯਦ ਅਕਬਰ-ਉਦ-ਦੀਨ ਨੇ ਕਿਹਾ, ‘ਸਾਨੂੰ ਚੰਗੇ ਤੇ ਮਾੜੇ ਅਤਿਵਾਦੀਆਂ ਦਰਮਿਆਨ ਫਰਕ ਨਹੀਂ ਕਰਨਾ ਚਾਹੀਦਾ। ਨਾ ਹੀ ਇੱਕ ਗੁੱਟ ਨੂੰ ਦੂਜੇ ਖ਼ਿਲਾਫ਼ ਖੜ੍ਹਾ ਕਰਨਾ ਚਾਹੀਦਾ ਹੈ। ਤਾਲਿਬਾਨ, ਹੱਕਾਨੀ ਨੈੱਟਵਰਕ, ਅਲ-ਕਾਇਦਾ, ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਨੂੰ ਸੰਯੁਕਤ ਰਾਸ਼ਟਰ ਵੱਲੋਂ ਦਹਿਸ਼ਤੀ ਜਥੇਬੰਦੀਆਂ ਐਲਾਨਿਆ ਜਾ ਚੁੱਕਿਆ ਹੈ।’ ਪਾਕਿਸਤਾਨ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ, ‘ਇਹ ਕੌਮਾਂਤਰੀ ਭਾਈਚਾਰੇ ਦੀ ਸਭ ਤੋਂ ਪਹਿਲੀ ਅਤੇ ਅਹਿਮ ਜ਼ਿੰਮੇਵਾਰੀ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਦਹਿਸ਼ਤਗਰਦਾਂ ਨੂੰ ਕਿਤੇ ਵੀ ਸੁਰੱਖਿਅਤ ਠਾਹਰ ਨਾ ਮਿਲੇ। ਜੇਮਸ ਮੈਟਿਜ਼ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।

Be the first to comment

Leave a Reply