ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ

ਜਲੰਧਰ – ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ‘ਚ ਰੈਫਰੈਂਡਮ 2020 ਦੀਆਂ ਬੇਤੁਕੀਆਂ ਗੱਲਾਂ ਕਰਨ ਵਾਲਾ ਕੋਈ ਵੀ ਨਹੀਂ ਹੈ। ਉਨ੍ਹਾਂ 12 ਅਗਸਤ ਨੂੰ ਲੰਡਨ ਵਿਚ ਹੋਣ ਵਾਲੀ ਤਜਵੀਜ਼ਤ ਰੈਲੀ ਨੂੰ ਨਕਾਰਦਿਆਂ ਕਿਹਾ ਕਿ ਇਹ ਵਿਦੇਸ਼ਾਂ ‘ਚ ਵਸੇ ਆਈ.ਐੱਸ.ਆਈ. ਦਾ ਸਮਰਥਨ ਪ੍ਰਾਪਤ ਮੁੱਠੀ ਭਰ ਬੌਖਲਾਏ ਹੋਏ ਲੋਕਾਂ ਦੀ ਪੰਜਾਬ ਅਤੇ ਭਾਰਤ ‘ਚ ਫੁੱਟ ਪਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਲੰਡਨ ‘ਚ ਹੋਣ ਵਾਲੀ ਮੁੱਠੀ ਭਰ ਲੋਕਾਂ ਦੀ ਰੈਲੀ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕ ਆਈ.ਐੱਸ.ਆਈ. ਦੇ ਹੱਥਾਂ ਵਿਚ ਖੇਡ ਰਹੇ ਹਨ, ਜਿਨ੍ਹਾਂ ਦਾ ਖੁੱਲ੍ਹਾ ਏਜੰਡਾ ਪੰਜਾਬ ਅਤੇ ਭਾਰਤ ‘ਚ ਹਿੰਸਾ ਨੂੰ ਭੜਕਾਉਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ‘ਚ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੰਜਾਬ ਸਰਕਾਰ ਸ਼ਾਂਤੀ ਨਾਲ ਖਿਲਵਾੜ ਕਰਨ ਵਾਲੇ ਅਨਸਰਾਂ ਨਾਲ ਸਖਤੀ ਨਾਲ ਨਜਿੱਠੇਗੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਰੈਲੀਆਂ ਕਰਨ ਵਾਲੇ ਵੱਖਵਾਦੀ ਅਨਸਰ ਜੇਕਰ ਇਹ ਸਮਝਦੇ ਹਨ ਕਿ ਉਹ ਪੰਜਾਬ ‘ਚ ਸ਼ਾਂਤੀ ਨੂੰ ਭੰਗ ਕਰ ਦੇਣਗੇ ਤਾਂ ਉਹ ਬੜੀ ਗਲਤਫਹਿਮੀ ‘ਚ ਹਨ। ਸੂਬੇ ‘ਚ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਦੀਆਂ ਕੋਸ਼ਿਸ਼ ਨਾਲ ਪੰਜਾਬ ਪੁਲਸ ਨੂੰ ਸਖਤੀ ਨਾਲ ਨਜਿੱਠਣ ਦੇ ਹੁਕਮ ਦਿੱਤੇ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ 15 ਮਹੀਨਿਆਂ ਦੌਰਾਨ ਗੈਂਗਸਟਰਾਂ ‘ਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸਿਆ ਹੈ। ਅਨੇਕਾਂ ਅੱਤਵਾਦੀ ਗਰੁੱਪਾਂ ਦਾ ਸਫਾਇਆ ਕੀਤਾ ਗਿਆ ਹੈ ਤੇ ਉਨ੍ਹਾਂ ਕੋਲੋਂ ਭਾਰੀ ਮਾਤਰਾ ‘ਚ ਪੁਲਸ ਨੇ ਹਥਿਆਰ ਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ।