ਅਮਰਿੰਦਰ ਵੱਲੋਂ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਨੂੰ ਯੁੱਧਗ੍ਰਸਤ ਮੁਲਕ ਦੇ ਵਿਕਾਸ ਲਈ ਸਹਿਯੋਗ ਦਾ ਭਰੋਸਾ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੂੰ ਯੁੱਧਗ੍ਰਸਤ ਮੁਲਕ ਲਈ ਰਣਨੀਤਿਕ ਸਹਿਯੋਗ ਤੇ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਨੇ ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਸਵੇਰ ਦੇ ਨਾਸ਼ਤੇ ਦੀ ਮੀਟਿੰਗ ਦੌਰਾਨ ਸ੍ਰੀ ਕਰਜ਼ਈ ਨਾਲ ਮੁਲਾਕਾਤ ਦੌਰਾਨ ਇਹ ਭਰੋਸਾ ਦਿੱਤਾ। ਸ੍ਰੀ ਕਰਜ਼ਈ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਵਿੱਚ ਉਨ੍ਹਾਂ ਨੂੰ ਬਤੌਰ ਮੁੱਖ ਮਹਿਮਾਨ ਸੱਦਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਅਤੇ ਪੰਜਾਬ ਦਰਮਿਆਨ ਸੱਭਿਆਚਾਰਕ ਰਿਸ਼ਤਿਆਂ ਦੀ ਗੂੜੀ ਸਾਂਝ ਹੈ ਜਿਸ ਦਾ ਲਾਭ ਖੇਤੀਬਾੜੀ ਤੇ ਬਾਗਬਾਨੀ ਦੇ ਖੇਤਰਾਂ ਵਿੱਚ ਤਕਨੀਕੀ ਗਿਆਨ ਦੇ ਆਦਾਨ-ਪ੍ਰਦਾਨ ਅਤੇ ਆਪਸੀ ਮਿਲਵਰਤਣ ਰਾਹੀਂ ਹੋ ਸਕਦਾ ਹੈ।
ਮਹਿਮਾਨ ਸ਼ਖਸੀਅਤ ਨੇ ਅਫਗਾਨਿਸਤਾਨ ਤੇ ਭਾਰਤ ਖਾਸ ਕਰਕੇ ਪੰਜਾਬ ਦਰਮਿਆਨ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਰਵਾਇਤੀ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਅਫਗਾਨਿਸਤਾਨ ਅਤੇ ਭਾਰਤ ਦਰਮਿਆਨ ਦੋਸਤਾਨਾ ਅਤੇ ਨਿੱਘੇ ਰਿਸ਼ਤਿਆਂ ਦੀ ਸਾਂਝ ਹੈ ਅਤੇ ਪੰਜਾਬ ਨੂੰ ਅਫਗਾਨਿਸਤਾਨ ਦੇ ਵਿਕਾਸ ਵਿੱਚ ਹਰ ਸੰਭਵ ਸਹਿਯੋਗ ਦੇਣ ਵਿੱਚ ਖੁਸ਼ੀ ਹੋਵੇਗੀ।