ਅਮਰੀਕਾ ਅਤੇ ਪਾਕਿ ਅਧਿਕਾਰੀਆਂ ਵਿਚਕਾਰ ਹੋਈ ਬੈਠਕ ਰਹੀ ਬੇਨਤੀਜਾ

ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਚੋਟੀ ਦੇ ਅਧਿਕਾਰੀ ਨੇ ਪਾਕਿਸਤਾਨ ਦਾ ਦੌਰਾ ਕਰ ਕੇ ਖੇਤਰੀ ਸੁਰੱਖਿਆ ਅਤੇ ਸਥਿਰਤਾ ‘ਤੇ ਇਸਲਾਮਾਬਾਦ ਵੱਲੋਂ ਕੀਤੀ ਗਈ ਤਰੱਕੀ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਵਿਦੇਸ਼ ਸਕੱਤਰ ਤਹਿਮੀਨਾ ਜੰਜੁਆ ਅਤੇ ਹੋਰ ਸੀਨੀਅਰ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ। ਹਾਲਾਂਕਿ ਬਗੈਰ ਕਿਸੇ ਸਫਲਤਾ ਦੇ ਇਹ ਬੈਠਕ ਖਤਮ ਹੋ ਗਈ। ਇਸ ਸੰਬੰਧੀ ਜਾਣਕਾਰੀ ਮੰਗਲਵਾਰ ਨੂੰ ਇਕ ਮੀਡੀਆ ਰਿਪੋਰਟ ਵਿਚ ਦਿੱਤੀ ਗਈ। ਇਸ ਦੇ ਇਲਾਵਾ ਬੈਠਕ ਦੌਰਾਨ ਕੁਝ ਨਵਂੇ ਮੁੱਦੇ ਸਾਹਮਣੇ ਆਏ, ਜਿਸ ਨਾਲ ਅਮਰੀਕਾ ਅਤੇ ਪਾਕਿਸਤਾਨ ਦੇ ਸੰਬੰਧਾਂ ਵਿਚ ਪਹਿਲਾਂ ਨਾਲੋਂ ਵੀ ਜ਼ਿਆਦਾ ਖਟਾਸ ਆਉਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।
ਅਮਰੀਕੀ ਦੂਤਘਰ ਵੱਲੋਂ ਕੱਲ ਇੱਥੇ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਕਿ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੀ ਸੀਨੀਅਰ ਬਿਊਰੋ ਅਧਿਕਾਰੀ ਰਾਜਦੂਤ ਐਲਿਸ ਵੇਲਸ ਨੇ ਵਿਦੇਸ਼ ਸਕੱਤਰ ਤਹਿਮੀਨਾ ਜੰਜੁਆ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਲਈ ਇਸਲਾਮਾਬਾਦ ਦਾ ਦੌਰਾ ਕੀਤਾ। ਬਿਆਨ ਮੁਤਾਬਕ,”ਆਪਣੀਆਂ ਬੈਠਕਾਂ ਵਿਚ ਉਨ੍ਹਾਂ ਨੇ ਅਮਰੀਕਾ ਦੀ ਦੱਖਣੀ ਏਸ਼ੀਆ ਰਣਨੀਤੀ ਦੀ ਸਥਿਤੀ ਅਤੇ ਖੇਤਰੀ ਸੁਰੱਖਿਆ ਅਤੇ ਸਥਿਰਤਾ ਵਿਚ ਤਰੱਕੀ ਦੀਆਂ ਕੋਸ਼ਿਸ਼ਾਂ ‘ਤੇ ਚਰਚਾ ਕੀਤੀ।” ਵੇਲਸ ਇਸਲਾਮਾਬਾਦ ਦੇ ਇਕ ਦਿਨੀ ਦੌਰੇ ‘ਤੇ ਆਈ ਸੀ ਤਾਂ ਜੋ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਵੀਂ ਦੱਖਣੀ ਏਸ਼ੀਆ ਅਤੇ ਅਫਗਾਨਿਸਤਾਨ ਨੀਤੀ ਦੇ ਮੱਦੇਨਜ਼ਰ ਆਪਣੀ ਗੱਲਬਾਤ ਜਾਰੀ ਰੱਖ ਸਕੇ।