ਅਮਰੀਕਾ : ਓਰੇਗਨ ਜੇਲ੍ਹ ‘ਚੋਂ 6 ਸਿੱਖ ਰਿਹਾਅ

ਓਰੇਗਨ – ਅਮਰੀਕਾ ‘ਚ ਗੈਰਕਾਨੂੰਨੀ ਤਰੀਕੇ ਦਾਖਲ ਹੋਣ ਦੇ ਜ਼ੁਰਮ ‘ਚ ਕੈਦ ਸੌ ਤੋਂ ਵੱਧ ਭਾਰਤੀਆਂ ‘ਚੋਂ ਬੀਤੇ ਦਿਨ 6 ਪੰਜਾਬੀ ਰਿਹਾਅ ਕਰ ਦਿੱਤੇ ਗਏ। ਇਹ ਪੰਜਾਬੀ ਪਿਛਲੇ ਮਹੀਨੇ ਜੂਨ ‘ਚ ਭਾਰਤ ਤੋਂ ਗੈਰਕਾਨੂੰਨੀ ਤਰੀਕੇ ਨਾਲ ਮੈਕਸਿਕੋ ਦੇ ਬਾਰਡਰ ਰਾਹੀਂ ਅਮਰੀਕਾ ਦਾਖਲ ਹੋਣ ਦੀ ਤਾਕ ਵਿਚ ਸਨ ਜਿਥੇ ਇੰਨ੍ਹਾਂ ਨੂੰ ਡਿਟੇਨ ਕਰ ਦਿੱਤਾ ਗਿਆ ਸੀ। ਜਿਸਤੋਂ ਬਾਅਦ ਇੰਨ੍ਹਾਂ ਨੂੰ ਓਰੇਗਨ ਫੈਡਰਲ ਜੇਲ੍ਹ ਵਿਚ ਰੱਖਿਆ ਗਿਆ ਸੀ। ਇੰਨ੍ਹਾਂ ਨੌਜਵਾਨਾਂ ਨੂੰ ਬੀਤੀ 21 ਤੇ 22 ਅਗਸਤ ਨੂੰ ਰਿਹਾਅ ਕੀਤਾ ਗਿਆ ਜਿੰਨ੍ਹਾਂ ਵਿਚੋਂ ਇਕ ਪੰਜਾਬੀ ਰਿਹਾਅ ਹੁੰਦੇ ਸਾਰ ਹੀ ਆਪਣੇ ਰਿਸ਼ਤੇਦਾਰਾਂ ਕੋਲ ਚਲਾ ਗਿਆ। ਇੰਨ੍ਹਾਂ ‘ਚੋਂ 5 ਸਿੱਖਾਂ ਨੇ ਪ੍ਰੈੱਸ ਕਨਫਰੰਸ ਦਾ ਹਿੱਸਾ ਬਣ ਮੀਡੀਆ ਸਾਹਮਣੇ ਆਪਣੀ ਗੱਲ ਰੱਖੀ ਅਤੇ ਇਨੋਵੇਸ਼ਨ ਲਾਅ ਲੈਬ ਵਿਕਟੋਰੀਆ ਦਾ ਧੰਨਵਾਦ ਕੀਤਾ ਜਿਸਦੀ ਬਦੌਲਤ ਇਹ ਨੌਜਵਾਨ ਬਾਹਰ ਆ ਸਕੇ। ਇੰਨ੍ਹਾਂ ਵਿਚੋਂ ਨੌਜਵਾਨ ਕਰਨਦੀਪ ਸਿੰਘ ਨੇ ਦੱਸਿਆ ਕਿ ਉਹ ਭਾਰਤ ‘ਚ ਸਿਆਸੀ ਕਿੜ੍ਹ ਅਤੇ ਹਮਲੇ ਦੇ ਡਰ ਕਾਰਨ ਇਥੇ ਆਇਆ ਹੈ। ੳਸਨੇ ਦੱਸਿਆ ਕਿ ਭਾਰਤ ‘ਚ ਉਸਦੀ ਜਾਨ ਨੂੰ ਖਤਰਾ ਸੀ ਤੇ ਜਿਸ ਕਾਰਨ ਉਸਦੇ ਘਰਦਿਆਂ ਨੇ ਉਸਨੂੰ ਅਮਰੀਕਾ ਲਈ ਗੈਰਕਾਨੂੰਨੀ ਰਸਤੇ ਤੋਰਿਆ। ਨੌਜਵਾਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਇਥੇ ਆ ਕੇ ਇੰਨੀ ਵੱਡੀ ਮੁਸੀਬਤ ‘ਚ ਆ ਜਾਣਗੇ। ਫੈਡਰਲ ਜੇਲ੍ਹ ਵਿਚ ਉਨ੍ਹਾਂ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਜਿਸ ਲਈ ਉਹ ਜੇਲ੍ਹ ਅਧਿਕਾਰੀਆਂ ਨੂੰ ਦੋਸ਼ ਨਹੀਂ ਦਿੰਦੇ ਸਗੋਂ ਉਹਨਾਂ ਦਾ ਕਹਿਣਾ ਹੈ ਕਿ ਇਥੋਂ ਦੇ ਲੋਕਾਂ ਨੂੰ ਉਨ੍ਹਾਂ ਦੇ ਧਰਮ ਅਤੇ ਰਹਿਣ ਸਹਿਣ ਬਾਬਤ ਕੁਝ ਵੀ ਪਤਾ ਨਹੀਂ ਸੀ ਤੇ ਹੌਲੀ ਹੌਲੀ ਉਹ ਵੀ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਮਝਣ ਲੱਗੇ ਸਨ ਤੇ ਉਨ੍ਹਾਂ ਨੂੰ ਸਿਰ ‘ਤੇ ਪਟਕਾ ਬੰਨ੍ਹ ਕੇ ਅਰਦਾਸ ਕਰਨ ਦੀ ਇਜਾਜ਼ਤ ਦੇਣ ਲੱਗੇ ਸੀ। ਨੌਜਵਾਨ ਨੇ ਕਿਹਾ ਕਿ ਉਸਨੂੰ ਬਿਲਕੁਲ ਵੀ ਯਕੀਨ ਨਹੀਂ ਹੋ ਰਿਹਾ ਕਿ ਉਹ ਬਾਹਰ ਆ ਗਏ ਨੇ ਤੇ ਹੁਣ ਆਪਣੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਦੇ ਹਨ। ਉਸਨੇ ਇਨੋਵੇਸ਼ਨ ਲਾਅ ਲੈਬ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੀ ਬਦੌਲਤ ਉਹ ਅੱਜ ਕੈਦ ‘ਚੋਂ ਬਾਹਰ ਆ ਸਕੇ ਹਨ।