ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਦੱਖਣੀ ਕੈਲੀਫੋਰਨੀਆ ਦੇ ਤੱਟ ‘ਤੇ ਵੀਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.3 ਦਰਜ ਕੀਤੀ ਗਈ। ਇਕ ਸਮਾਚਾਰ ਏਜੰਸੀ ਮੁਤਾਬਕ ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਸ਼ੁਰੂਆਤ ਵਿਚ 5.0 ਦਰਜ ਕੀਤੀ ਗਈ ਸੀ ਪਰ ਬਾਅਦ ਇਹ ਵਧ ਕੇ 5.3 ਹੋ ਗਈ।

ਅਮਰੀਕੀ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਮੁਤਾਬਕ ਭੂਚਾਲ ਦਾ ਕੇਂਦਰ ਕੈਲੀਫੋਰਨੀਆ ਦੇ ਚੈਨਲ ਆਈਸਲੈਂਡ ਬੀਚ ਤੋਂ ਲੱਗਭਗ 57 ਕਿਲੋਮੀਟਰ ਦੱਖਣੀ-ਪੱਛਮ ਵਿਚ 16.8 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਪ੍ਰਸ਼ਾਂਤ ਦੀ ਸੁਨਾਮੀ ਚਿਤਾਵਨੀ ਪ੍ਰਣਾਲੀ ਨੇ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ। ਭੂਚਾਲ ਨਾਲ ਕਿਸੇ ਦੇ ਜ਼ਖਮੀ ਹੋਣ ਜਾਂ ਕੋਈ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਵੇਂਚੁਰਾ ਕਾਊਂਟੀ ਦੇ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਵੀ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।