ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਅੱਜ ਕਾਬੁਲ ਦੌਰੇ ‘ਤੇ

ਕਾਬੁਲ— ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਅੱਜ (ਮੰਗਲਵਾਰ ਨੂੰ) ਅਚਾਨਕ ਕਾਬੁਲ ਦੌਰੇ ‘ਤੇ ਪੁੱਜੇ। ਉਨ੍ਹਾਂ ਕਿਹਾ ਕਿ ਤਾਲਿਬਾਨ ਦੇ ਕੁੱਝ ਤੱਤ ਅਫਗਾਨਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਵੱਲੋਂ ਦੋ ਹਫਤੇ ਪਹਿਲਾਂ ਤਾਲਿਬਾਨ ਨਾਲ ਸ਼ਾਂਤੀ ਗੱਲਬਾਤ ਦੀ ਯੋਜਨਾ ਸਾਹਮਣੇ ਰੱਖਣ ਲਈ ਮੈਟਿਸ ਯੁੱਧ ਪ੍ਰਭਾਵਿਤ ਸ਼ਹਿਰ ਦੇ ਦੌਰੇ ‘ਤੇ ਪੁੱਜੇ। ਅਫਗਾਨਿਸਤਾਨ ਨਾਲ ਗੱਲਬਾਤ ਦੇ ਪ੍ਰਸਤਾਵ ‘ਤੇ ਕੱਟੜਪੰਥੀਆਂ ਨੇ ਹੁਣ ਤਕ ਕੋਈ ਜਵਾਬ ਨਹੀਂ ਦਿੱਤਾ ਪਰ ਮੈਟਿਸ ਦਾ ਕਹਿਣਾ ਹੈ ਕਿ ਕੁੱਝ ਕੱਟੜਪੰਥੀ ਨੇਤਾ ਚਰਚਾ ‘ਚ ਦਿਲਚਸਪੀ ਲੈ ਰਹੇ ਹਨ।
ਗਨੀ ਨੇ ਸ਼ਾਂਤੀ ਬਹਾਲ ਕਰਨ ਦੀ ਯੋਜਨਾ ‘ਚ ਤਾਲਿਬਾਨ ਨੂੰ ਅੰਤ ‘ਚ ਇਕ ਰਾਜਨੀਤਕ ਪਾਰਟੀ ਦੇ ਤੌਰ ‘ਤੇ ਮਾਨਤਾ ਦੇਣਾ ਸ਼ਾਮਲ ਹੈ। ਕੱਟੜਪੰਥੀ ਸੰਗਠਨ ਨੇ ਕਿਹਾ ਸੀ ਕਿ ਉਹ ਗੱਲਬਾਤ ਕਰਨ ਲਈ ਤਿਆਰ ਹਨ ਪਰ ਸਿਰਫ ਅਮਰੀਕਾ ਨਾਲ ਅਫਗਾਨਿਸਤਾਨ ਸਰਕਾਰ  ਦੇ ਨਾਲ ਨਹੀਂ। ਤਾਲਿਬਾਨ ਨੇ ਪਿਛਲੇ ਹਫਤੇ ਅਫਗਾਨਿਸਤਾਨ ਸਰਕਾਰ ਨੂੰ ਗੈਰ ਕਾਨੂੰਨੀ ਠਹਿਰਾਇਆ ਸੀ ਅਤੇ ਉਸ ਦੇ ਸ਼ਾਂਤੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਭਟਕਾਉਣ ਵਾਲਾ ਦੱਸਿਆ ਸੀ। ਜਕਾਰਤਾ ‘ਚ ਇਸਲਾਮੀ ਵਿਦਵਾਨਾਂ ਦੇ ਸੰਮੇਲਨ ਦਾ ਬਾਇਕਾਟ ਕਰਨ ਲਈ ਅਪੀਲ ਕਰਦੇ ਹੋਏ ਤਾਲਿਬਾਨ ਨੇ ਉੱਪਰ ਲਿਖੀਆਂ ਗੱਲਾਂ ਆਖੀਆਂ। ਮੈਟਿਸ ਨੇ ਕਿਹਾ,”ਇਸ ਸਮੇਂ ਅਸੀਂ ਚਾਹੁੰਦੇ ਹਾਂ ਕਿ ਅਫਗਾਨਿਸਤਾਨ ਅੱਗੇ ਵਧੇ ਅਤੇ ਸ਼ਾਂਤੀ ਬਹਾਲ ਕਰਨ ਲਈ ਆਧਾਰ ਉਪਲਬਧ ਕਰਾਵੇ। ਮੈਟਿਸ ਨੇ ਕਿਹਾ ਕਿ ਰਾਜਨੀਤਕ ਪ੍ਰਕਿਰਿਆ ਕਾਰਨ ਅਮਰੀਕਾ ਹੁਣ 16 ਸਾਲ ਦੇ ਸੰਘਰਸ਼ ਦੇ ਬਾਅਦ ਅਫਗਾਨਿਸਤਾਨ ‘ਚ ਜਿੱਤ ਹਾਸਲ ਕਰਨ ਦੀ ਉਮੀਦ ਲਗਾ ਰਿਹਾ ਹੈ।