ਅਮਰੀਕਾ ਨੇ ਕੀਤੀ ਚਿੰਤਾ ਪ੍ਰਗਟ ‘ਤੇ ਭਾਰਤ-ਚੀਨ ਨੂੰ ਦਿੱਤੀ ਸਲਾਹ

ਵਾਸ਼ਿੰਗਟਨ : ਭਾਰਤ-ਚੀਨ ਵਿਚਕਾਰ ਸਿੱਕਮ ਖੇਤਰ ‘ਚ ਜਾਰੀ ਸਰਹੱਦੀ ਵਿਵਾਦ ‘ਤੇ ਅਮਰੀਕਾ ਨੇ ਚਿੰਤਾ ਪ੍ਰਗਟ ਕੀਤੀ ਹੈ। ਵਿਦੇਸ਼ ਵਿਭਾਗ ਦੀ ਤਰਜਮਾਨ ਹੀਥ ਨਾਟ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਸ਼ਾਂਤੀ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਦੋਨੋਂ ਪੱਖ ਮਾਮਲੇ ਨੂੰ ਗੱਲਬਾਤ ਰਾਹੀਂ ਸੁਲਝਾਉਣ। ਉਥੇ ਅਮਰੀਕੀ ਸੈਨੇਟ ਆਰਮਡ ਸਰਵਿਸਿਜ਼ ਕਮੇਟੀ ਨੇ ਚੀਨ ਦੀਆਂ ਵੱਧਦੀਆਂ ਹਮਲਾਵਰ ਅਤੇ ਫ਼ੌਜੀ ਤਿਆਰੀਆਂ ਨੂੰ ਵੇਖਦੇ ਹੋਏ ਅਮਰੀਕਾ ਨੂੰ ਏਸ਼ੀਆ ਪ੍ਰਸ਼ਾਂਤ ਖੇਤਰ ‘ਚ ਸਰਗਰਮੀ ਵਧਾਉਣ ਦਾ ਸੁਝਾਅ ਦਿੱਤਾ ਹੈ।

ਕਮੇਟੀ ਅਨੁਸਾਰ ਅਜਿਹਾ ਕਰਨਾ ਸੁਰੱਖਿਆ ਅਤੇ ਸਥਿਰਤਾ ਦੇ ਲਿਹਾਜ਼ ਨਾਲ ਜ਼ਰੂਰੀ ਹੈ। ਦੱਖਣੀ ਚੀਨ ਸਾਗਰ ‘ਚ ਚੀਨ ਦੀਆਂ ਸਰਗਰਮੀਆਂ ਤੋਂ ਅਮਰੀਕੀ ਹਿੱਤਾਂ ਅਤੇ ਸੁਰੱਖਿਆ ਨੂੰ ਵੀ ਖ਼ਤਰਾ ਹੈ। ਕਮੇਟੀ ਨੇ ਕਿਹਾ ਹੈ ਕਿ ਅਮਰੀਕਾ ਨੇ ਸਮੁੰਦਰੀ ਖੇਤਰ ‘ਚ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਬੀਤੇ ਕੁਝ ਮਹੀਨਿਆਂ ‘ਚ ਸੀਮਤ ਕਦਮ ਹੀ ਚੁੱਕੇ ਹਨ। ਇਸ ਨਾਲ ਚੀਨ ਨੂੰ ਸੰਕੇਤ ਗਿਆ ਹੈ ਕਿ ਉਸ ਨੂੰ ਦੱਖਣੀ ਚੀਨ ਸਾਗਰ ਦੇ ਮੁੱਦੇ ‘ਤੇ ਕੋਈ ਚੁਣੌਤੀ ਨਹੀਂ ਦੇ ਸਕਦਾ ਹੈ।

ਦੱਸਣਯੋਗ ਹੈ ਕਿ ਅਮਰੀਕਾ ਦੀ ਸਾਬਕਾ ਡਿਪਲੋਮੈਟ ਨਿਸ਼ਾ ਦੇਸਾਈ ਬਿਸਵਾਲ ਨੇ ਕੱਲ੍ਹ ਚੀਨ ਨੂੰ ਸਲਾਹ ਦਿੱਤੀ ਸੀ ਕਿ ਚੀਨ ਭਾਰਤ ਦੀ ਸ਼ਕਤੀ ਨੂੰ ਸਵੀਕਾਰ ਕਰੇ। ਉਥੇ ਬੰਗਾਲ ਦੀ ਖਾੜੀ ‘ਚ ਭਾਰਤ ਅਤੇ ਜਾਪਾਨ ਦੇ ਨਾਲ ਜੰਗੀ ਅਭਿਆਸ ‘ਚ ਸ਼ਾਮਿਲ ਅਮਰੀਕੀ ਜੰਗੀ ਜਹਾਜ਼ਾਂ ਵਾਲੇ ਬੇੜੇ ਦੇ ਕਮਾਂਡਰ ਰੀਅਰ ਐਡਮਿਰਲ ਵਿਲੀਅਮ ਬਾਇਰਨੀ ਨੇ ਵੀ ਚੀਨ ਨੂੰ ਇਸ਼ਾਰਿਆਂ ‘ਚ ਚਿਤਾਵਨੀ ਦਿੱਤੀ ਸੀ।

Be the first to comment

Leave a Reply