ਅਮਰੀਕਾ ਨੇ ਪਾਕਿਸਤਾਨ ਦੇ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਵਿਚ ਸਿਆਸੀ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ‘ਤੇ ਹੋਏ ਹਮਲਿਆਂ ਦੀ ਸਖਤ ਨਿੰਦਾ ਕੀਤੀ

ਵਾਸ਼ਿੰਗਟਨ — ਅਮਰੀਕਾ ਨੇ ਪਾਕਿਸਤਾਨ ਦੇ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਵਿਚ ਸਿਆਸੀ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ‘ਤੇ ਹੋਏ ਹਮਲਿਆਂ ਦੀ ਸਖਤ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੀਥਰ ਨੌਰਟ ਨੇ ਕਿਹਾ, ”ਇਹ ਹਮਲੇ ਪਾਕਿਸਤਾਨੀ ਲੋਕਾਂ ਨੂੰ ਉਨ੍ਹਾਂ ਦੇ ਲੋਕਤੰਤਰੀ ਅਧਿਕਾਰਾਂ ਤੋਂ ਵਾਂਝੇ ਕਰਨ ਲਈ ਡਰਾਉਣ ਦੀ ਕੋਸ਼ਿਸ਼ ਹੈ।”
ਦੱਸਣਯੋਗ ਹੈ ਕਿ 25 ਜੁਲਾਈ ਨੂੰ ਹੋਣ ਵਾਲੀ ਆਮ ਚੋਣਾਂ ਤੋਂ ਪਹਿਲਾਂ ਸ਼ੁੱਕਰਵਾਰ ਭਾਵ ਕੱਲ ਉਮੀਦਵਾਰਾਂ ‘ਤੇ ਹਮਲੇ ਦੀ ਲੜੀ ਵਿਚ ਬਲੋਚਿਸਤਾਨ ਦੇ ਮਾਸਤੁੰਗ ਅਤੇ ਪਖਤੂਨਵਾ ਵਿਚ ਦੋ ਵੱਖ-ਵੱਖ ਚੋਣ ਰੈਲੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ‘ਚ ਬਲੋਚਿਸਤਾਨ ਅਵਾਮੀ ਪਾਰਟੀ (ਬੀ. ਏ. ਪੀ.) ਦੇ ਨੇਤਾ ਨਵਾਬਜ਼ਦਾ ਸਿਰਾਜ ਰਾਇਸਾਨੀ ਸਮੇਤ 133 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵਧ ਜ਼ਖਮੀ ਹੋ ਗਏ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਪੇਸ਼ਾਵਰ ਸ਼ਹਿਰ ਵਿਚ ਇਕ ਆਤਮਘਾਤੀ ਹਮਲੇ ਵਿਚ ਅਵਾਮੀ ਨੈਸ਼ਨਲ ਪਾਰਟੀ (ਏ. ਐੱਨ. ਪੀ.) ਨੇਤਾ ਅਤੇ ਆਮ ਚੋਣਾਂ ਦੇ ਉਮੀਦਵਾਰ ਹਾਰੂਨ ਬਿਲੌਰ ਅਤੇ 19 ਹੋਰ ਮਾਰੇ ਗਏ ਸਨ। 7 ਜੁਲਾਈ ਨੂੰ ਬਨੂੰ ਵਿਚ ਮੱਤਾਹਿਦਾ ਮਜਲਿਸ-ਏ-ਅਮਾਲ ਦੇ ਇਕ ਕਾਫਲੇ ‘ਤੇ ਹਮਲੇ ਵਿਚ 7 ਲੋਕ ਜ਼ਖਮੀ ਹੋ ਗਏ ਸਨ।