ਅਮਰੀਕਾ-ਰੂਸ ਦੇ ਵਿਦੇਸ਼ ਮੰਤਰੀਆਂ ਨੇ ਨਿਊਯਾਰਕ ‘ਚ ਕੀਤੀ ਮੁਲਾਕਾਤ, ਸੀਰੀਆ ਸੰਕਟ ‘ਤੇ ਕੀਤੀ ਚਰਚਾ

ਨਿਊਯਾਰਕ  –  ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਰੂਸ ਦੇ ਆਪਣੇ ਹਮਰੁਤਬਾ ਸੇਰਗੀ ਲਾਵਰੋਵ ਨਾਲ ਨਿਊਯਾਰਕ ਵਿਚ ਮੁਲਾਕਾਤ ਕਰ ਕੇ ਸੀਰੀਆ ‘ਚ ਮੌਜੂਦਾ ਸਥਿਤੀ ‘ਤੇ ਚਰਚਾ ਕੀਤੀ। ਲਾਵਰੋਵ ਇੱਥੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ‘ਚ ਹਿੱਸਾ ਲੈਣ ਪਹੁੰਚੇ ਹਨ। ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੀਥਰ ਨੋਰਟ ਨੇ ਦੱਸਿਆ ਕਿ ਦੋਹਾਂ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਨਿਊਯਾਰਕ ਸਥਿਤ ਰੂਸੀ ਮਿਸ਼ਨ ਵਿਚ ਹੋਈ। ਡਿਪਲੋਮੈਟ ਮੁਹਿੰਮਾਂ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚ ਮੌਜੂਦਾ ਗਤੀਰੋਧ ਦਰਮਿਆਨ ਟਿਲਰਸਨ ਨੇ ਸ਼ੀਤ ਯੁੱਧ ਤੋਂ ਬਾਅਦ ਅਮਰੀਕਾ ਅਤੇ ਰੂਸ ਦੇ ਮੌਜੂਦਾ ਸੰਬੰਧਾਂ ਨੂੰ ਇਤਿਹਾਸਕ ਕਰਾਰ ਦਿੱਤਾ। ਅਮਰੀਕਾ ਨੇ ਹਾਲ ‘ਚ ਰੂਸ ਨੂੰ ਫਰਾਂਸਿਸਕੋ ਸਥਿਤ ਉਸ ਦੇ ਵਣਜ ਦੂਤਘਰ, ਵਾਸ਼ਿੰਗਟਨ ਅਤੇ ਨਿਊਯਾਰਕ ਸਥਿਤ ਦਫਤਰਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਸੀ। ਰੂਸ ਨੇ ਇਸ ‘ਤੇ ਸਖਤ ਪ੍ਰਤੀਕਿਰਿਆ ਦੇਣ ਦੀ ਗੱਲ ਆਖੀ ਸੀ। ਫਿਲਹਾਲ ਅਮਰੀਕਾ ਨੇ ਇਹ ਕਦਮ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਲੋਂ ਅਮਰੀਕਾ ਨੂੰ ਰੂਸ ‘ਚ ਆਪਣੇ 755 ਡਿਪਲੋਮੈਟ ਕਰਮਚਾਰੀਆਂ ਨੂੰ ਹਟਾਉਣ ਦਾ ਹੁਕਮ ਦਿੱਤੇ ਜਾਣ ਤੋਂ ਬਾਅਦ ਚੁੱਕਿਆ ਸੀ। ਸੀਰੀਆ ਸੰਕਟ ਹੱਲ ਕਰਨ ਲਈ ਅਮਰੀਕਾ, ਰੂਸ ਨਾਲ ਕੰਮ ਕਰਨਾ ਚਾਹੁੰਦਾ ਹੈ, ਜਿੱਥੇ ਦੋਹਾਂ ਦੇਸ਼ਾਂ ਦੀ ਫੌਜ ਤਾਇਨਾਤ ਹੈ।

Be the first to comment

Leave a Reply