ਅਮਰੀਕਾ ਸਥਿਤ ਭਾਰਤੀ ਅੰਬੈਸੀ ਨੇ ਗਣਤੰਤਰ ਦਿਵਸ ਸ਼ਾਨੋ ਸ਼ੌਕਤ ਨਾਲ ਮਨਾਇਆ

ਵਾਸ਼ਿੰਗਟਨ ਡੀ. ਸੀ. (ਗਿੱਲ) – ਭਾਰਤੀ ਸੰਵਿਧਾਨ ਦੇ ਲਾਗੂ ਹੋਣ ਦੇ ਦਿਵਸ ਨੂੰ ਭਾਰਤੀ ਅੰਬੈਸੀ ਅਧਿਕਾਰੀਆਂ ਵਲੋਂ 169ਵੇਂ ਗਣਤੰਤਰ ਦਿਵਸ ਵਜੋਂ ਮਨਾਇਆ। ਜਿੱਥੇ ਮੈਟਰੋਪੁਲਿਟਨ ਦੇ ਭਾਰਤੀਆਂ ਵਲੋਂ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਉੱਥੇ ਭਾਰਤੀ ਅੰਬੈਸਡਰ ਨਵਤੇਜ ਸਿੰਘ ਸਰਨਾ ਵਲੋਂ ਕੌਮੀ ਝੰਡੇ ਨੂੰ ਸਲਾਮੀ ਦੇ ਕੇ ਇਸ ਦਿਵਸ ਦਾ ਅਗਾਜ਼ ਕੀਤਾ। ਉਪਰੰਤ ਭਾਰਤੀ ਰਾਸ਼ਟਰਪਤੀ ਦੇ ਗਣਤੰਤਰ ਦਿਵਸ ਦੇ ਸੁਨੇਹੇ ਦੀ ਸਾਂਝ ਹਾਜ਼ਰੀਨ ਨਾਲ ਪਾਈ। ਰਾਸ਼ਟਰੀ ਗੀਤ ਦੀ ਧੁਨ ਨਾਲ ਇਸ ਦਿਹਾੜੇ ਨੂੰ ਯਾਦ ਕੀਤਾ ਗਿਆ ਅਤੇ ਸੰਵਿਧਾਨ ਪ੍ਰਤੀ ਸ਼ਰਧਾ ਅਤੇ ਵਚਨਬੱਧ ਰਹਿਣ ਸਬੰਧੀ ਜ਼ਿਕਰ ਉੱਪਰ ਜ਼ੋਰ ਦਿੱਤਾ ਗਿਆ। ਭਾਵੇਂ ਸਿੱਖ ਭਾਈਚਾਰੇ ਦੀ ਗਿਣਤੀ ਨਾ ਦੇ ਬਰਾਬਰ ਸੀ ਉਸ ਸਬੰਧੀ ਘੁਸਰ-ਮੁਸਰ ਹੁੰਦੀ ਆਮ ਵੇਖੀ ਗਈ ਹੈ। ਪਰ ਕਿਸੇ ਨੇ ਵੀ ਇਸ ਗੱਲ ਵੱਲ ਤਵੱਜੋ ਨਹੀਂ ਦਿੱਤੀ ਅਤੇ ਨਾ ਹੀ ਇਸ ਦੇ ਕਾਰਨ ਨੂੰ ਜਾਨਣ ਸਬੰਧੀ ਘੋਖ ਕੀਤੀ, ਜਦਕਿ ਸਿੱਖ ਅੰਬੈਸਡਰ ਦਾ ਅਮਰੀਕਾ ਵਿੱਚ ਹੋਣਾ ਸਿੱਖਾਂ ਲ਼ਈ ਭਾਵੇਂ ਫਖਰ ਵਾਲੀ ਗੱਲ ਹੈ, ਪਰ ਅੰਬੈਸਡਰ ਨਵਤੇਜ ਸਿੰਘ ਸਰਨਾ ਸਿੱਖਾਂ ਦੇ ਨੇੜੇ ਖੜ੍ਹੇ ਹੋਣ ਤੋਂ ਵੀ ਗੁਰੇਜ ਕਰਦੇ ਹਨ। ਬਹੁਤਾਤ ਵਿੱਚ ਸਿੱਖ ਭਾਈਚਾਰਾ ਸਰਨਾ ਸਾਹਿਬ ਦੇ ਰਵੱਈਏ ਤੋਂ ਖੁਸ਼ ਨਹੀਂ ਹੈ। ਹੁਣ ਦੇਖਣ ਵਾਲੀ ਗੱਲ ਹੈ ਕਿ ਜੋ ਸਮਾਗਮ ਗਣਤੰਤਰ ਦਿਵਸ ਸਬੰਧੀ ਕਮਿਊਨਿਟੀ ਮਨਾ ਰਹੀ ਹੈ, ਉਨ੍ਹਾਂ ਸਮਾਗਮਾਂ ਵਿੱਚ ਅੰਬੈਸਡਰ ਹਾਜ਼ਰੀ ਭਰਦੇ ਹਨ ਜਾਂ ਆਪਣੇ ਰੁੱਖੇਪਣ ਦਾ ਅਹਿਸਾਸ ਕਰਵਾਉਂਦੇ ਹਨ। ਕਮਿਊਨਿਟੀ ਨੂੰ ਭਾਰਤੀ ਅੰਬੈਸੀ ਤੋਂ ਬਹੁਤ ਆਸਾਂ ਉਮੀਦਾਂ ਹਨ। ਪਰ ਹਾਲ ਦੀ ਘੜੀ ਜੋ ਕੁਝ ਚੱਲ ਰਿਹਾ ਹੈ ਭਾਰਤੀ ਭਾਈਚਾਰਾ ਖੁਸ਼ ਨਹੀਂ ਹੈ। ਫਿਰ ਵੀ ਰਾਸ਼ਟਰੀ ਸਮਾਗਮ ਹੋਣ ਦੇ ਨਾਤੇ ਕਮਿਊਨਿਟੀ ਆਪਣਾ ਯੋਗਦਾਨ ਪਾ ਰਹੀ ਹੈ, ਪਰ ਗਣਤੰਤਰ ਦਿਵਸ ਮਨਾਉਣ ਦਾ ਮਨੋਰਥ ਸਿਰਫ ਰਾਸ਼ਟਰੀ ਦਿਵਸ ਵਜੋਂ ਹੀ ਲਿਆ ਗਿਆ ਹੈ। ਅਹਿਮੀਅਤ ਤੇ ਜਜ਼ਬੇ ਵਜੋਂ ਕੁਝ ਵੀ ਨਹੀਂ ਨਜ਼ਰ ਆਇਆ।

Be the first to comment

Leave a Reply