ਅਮਰੀਕੀ ਜੇਲ ‘ਚ ਝੜਪ ਦੌਰਾਨ 7 ਕੈਦੀਆਂ ਦੀ ਮੌਤ, 17 ਜ਼ਖਮੀ

ਅਮਰੀਕਾ ਦੇ ਦੱਖਣੀ ਕੈਰੋਲਾਈਨਾ ‘ਚ ਸਖਤ ਸੁਰੱਖਿਆ ਵਾਲੀ ਜੇਲ ਦੇ ਅੰਦਰ ਕੈਦੀਆਂ ਦੇ ਵਿਚਕਾਰ ਲੜਾਈ ‘ਚ 7 ਕੈਦੀਆਂ ਦੀ ਮੌਤ ਹੋ ਗਈ ਤੇ ਘੱਟ ਤੋਂ ਘੱਟ 17 ਹੋਰ ਕੈਦੀ ਜ਼ਖਮੀ ਹੋ ਗਏ। ਜੇਲ ਦੇ ਬੁਲਾਰੇ ਜੈਫ ਟੈਲਨ ਨੇ ਦੱਸਿਆ ਕਿ ਐਤਵਾਰ ਸ਼ਾਮ 7 ਵਜੇ ਦੇ ਕਰੀਬ ਕੈਦੀਆਂ ਵਿਚਾਲੇ ਲੜਾਈ ਹੋਈ ਸੀ ਪਰ ਇਸ ‘ਚ ਕੋਈ ਵੀ ਅਧਿਕਾਰੀ ਜ਼ਖਮੀ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ 17 ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਦੱਖਣੀ ਕੈਰੋਲਾਈਨਾ ਸੁਧਾਰ ਗ੍ਰਹਿ ਵਿਭਾਗ ਨੇ ਟਵੀਟ ਕੀਤਾ ਕਿ ਤਿੰਨ ਇਮਾਰਤਾਂ ‘ਚ ਵੱਖ-ਵੱਖ ਕੈਦੀਆਂ ਦੇ ਵਿਚਾਲੇ ਝੜਪ ਹੋਈ। ਲੀ ਕਾਊਂਟੀ ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਭੇਜਿਆ ਗਿਆ ਹੈ। ਦੱਖਣੀ ਕੈਰੋਲਾਈਨਾ ਦੀ ਬਿਸ਼ਪਵਿਲੇ ਜੇਲ ‘ਚ ਕਰੀਬ 1500 ਕੈਦੀ ਹਨ ਤੇ ਲੰਬੀ ਸਜ਼ਾ ਦਾ ਸਾਹਮਣਾ ਕਰਨ ਵਾਲੇ ਕੈਦੀ ਵੀ ਇਸ ਜੇਲ ‘ਚ ਬੰਦ ਹਨ। ਸਾਲ 2015 ‘ਚ ਇਸੇ ਜੇਲ ‘ਚ ਦੋ ਅਧਿਕਾਰੀਆਂ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਸੀ। ਫਰਵਰੀ ‘ਚ ਵੀ ਇਥੇ ਇਕ ਕੈਦੀ ਦੀ ਮੌਤ ਹੋ ਗਈ ਸੀ।