ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਤੇ ਚੀਨ ਨੂੰ ਧਮਕੀ

ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਿੱਤਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ ਚੀਨ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਚੀਨ ਵਰਗੇ ਮੁਲਕਾਂ ਨੇ ਜੇਕਰ ਅਮਰੀਕਾ ਵਾਂਗ ਟੈਕਸ ਵਿੱਚ ਛੋਟ ਨਾ ਦਿੱਤੀ ਤਾਂ ਅਸੀਂ ਜਵਾਬੀ ਟੈਕਸ ਲਾ ਦਿਆਂਗੇ। ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਕਈ ਵਾਰ ਭਾਰਤ ਕੋਲ ਅਮਰੀਕਾ ਤੋਂ ਇੰਪਰੋਟ ਕੀਤੀ ਜਾਣ ਵਾਲੀ ਮਹਿੰਗੀ ਬਾਈਕ ਹਾਰਲੇ ਡੇਵਿਡਸਨ ‘ਤੇ ਕਰੀਬ 50 ਫੀਸਦੀ ਟੈਕਸ ਲਾਉਣ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਇਸ ਨੂੰ ਲੈ ਕੇ ਵਾਰ-ਵਾਰ ਜ਼ੋਰ ਦਿੱਤਾ ਕਿ ਭਾਰਤ ਦੀਆਂ ਬਾਈਕਾਂ ‘ਤੇ ਅਮਰੀਕਾ ਜ਼ੀਰੋ ਟੈਕਸ ਲਾਉਂਦਾ ਹੈ। ਟਰੰਪ ਨੇ ਕਿਹਾ ਕਿ ਅਸੀਂ ਕਿਸੇ ਨਾ ਕਿਸੇ ਵੇਲੇ ਜਵਾਬੀ ‘ਟੈਕਸ ਪਲਾਨ’ ਅਪਨਾਵਾਂਗੇ। ਅਮਰੀਕਾ ‘ਤੇ ਚੀਨ 25 ਫੀਸਦੀ ਟੈਕਸ ਲਾਉਂਦਾ ਹੈ ਜਾਂ ਭਾਰਤ 75 ਫੀਸਦੀ ਟੈਕਸ ਲਾਉਂਦਾ ਹੈ। ਅਸੀਂ ਉਨ੍ਹਾਂ ‘ਤੇ ਕੋਈ ਟੈਕਸ ਨਹੀਂ ਲਾਉਂਦੇ। ਉਨ੍ਹਾਂ ਇਸਪਾਤ ‘ਤੇ 25 ਫੀਸਦੀ ਤੇ ਐਲਮੀਨੀਅਮ ‘ਤੇ 10 ਫੀਸਦੀ ਟੈਕਸ ਲਾਇਆ ਹੈ। ਅਮਰੀਕੀ ਰਾਸ਼ਟਰਪੀਤ ਨੇ ਕਿਹਾ ਕਿ ਜੇਕਰ ਉਹ 50 ਫੀਸਦੀ ਜਾਂ 75 ਫੀਸਦੀ ਜਾਂ ਫਿਰ 25 ਫੀਸਦੀ ਟੈਕਸ ਲਾਉਂਦੇ ਹਨ ਤਾਂ ਅਸੀਂ ਵੀ ਓਨਾ ਟੈਕਸ ਹੀ ਲਾਵਾਂਗੇ। ਇਸ ਨੂੰ ਜੁਆਬੀ ਕਾਰਵਾਈ ਕਹਿੰਦੇ ਹਨ। ਜੇਕਰ ਭਾਰਤ ਤੇ ਚੀਨ ਨੇ 50 ਫੀਸਦੀ ਟੈਕਸ ਲਾਇਆ ਤਾਂ ਅਸੀਂ ਵੀ 50 ਫੀਸਦੀ ਟੈਕਸ ਲਾਵਾਂਗੇ।