ਅਮਰੀਕੀ ਸ਼ਹਿਰਾਂ ਵਿਚਲੇ ਪ੍ਰਬੰਧ ਦੀਆਂ ਚੰਗੀਆਂ ਗੱਲਾਂ ਪੰਜਾਬ ’ਚ ਵੀ ਲਾਗੂ ਕਰਨ ਦਾ ਯਤਨ ਕਰਾਂਗੇ-ਸੰਜੀਵ ਸ਼ਰਮਾ * ਵਿਧਾਇਕ ਐਡਮ ਗਰੇਅ ਦੇ ਦਫ਼ਤਰ ’ਚ ਸਨਮਾਨ

ਕੈਲੀਫੋਰਨੀਆ – 26 ਮਈ (ਸਾਂਝੀ ਸੋਚ ਬਿਊਰੋ)-ਅਮਰੀਕਾ ਦੇ ਦੌਰੇ ’ਤੇ ਆਏ ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ (ਬਿੱਟੂ) ਦਾ ਇਥੇ ਪੁੱਜਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਉਹ ਸੈਕਰਾਮੈਂਟੋ ਸਥਿੱਤ ਅਸੰਬਲੀ ਵਿਚ ਵੀ ਗਏ ਜਿਥੇ ਉਨ੍ਹਾਂ ਦਾ ਵਿਧਾਇਕ ਐਡਮ ਗਰੇਅ ਦੇ ਦਫ਼ਤਰ ਵਿਚ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਨਿੱਜੀ ਦੌਰੇ ’ਤੇ ਇਥੇ ਆਇਆ ਹਾਂ। ਮੈਂ ਚਹੁੰਦਾ ਹਾਂ ਕਿ ਅਮਰੀਕਾ ਦੇ ਸ਼ਹਿਰਾਂ ਵਿਚ ਚਲ ਰਹੇ ਪ੍ਰਬੰਧ ਨੂੰ ਵੇਖਾਂ। ਇਸ ਵਿਚਲੀਆਂ ਚੰਗੀਆਂ ਗੱਲਾਂ ਬਾਰੇ ਵਿਚਾਰ ਵਟਾਂਦਰਾ ਕਰਨ ਉਪਰੰਤ ਇਸ ਨੂੰ ਪਟਿਆਲਾ ਨਗਰ ਨਿਗਮ ਵਿਚ ਵੀ ਲਾਗੂ ਕਰਾਂ। ਮੈਂ ਇਸ ਸਬੰਧੀ ਪੰਜਾਬ ਦੇ ਹੋਰ ਸ਼ਹਿਰਾਂ ਦੇ ਮੇਅਰਾਂ ਨਾਲ ਵੀ ਵਿਚਾਰ ਵਟਾਂਦਰਾ ਕਰਾਂਗਾ। ਉਨ੍ਹਾਂ ਨੇ ਪ੍ਰਵਾਸੀ ਪੰਜਾਬੀਆਂ ਵੱਲੋਂ ਕੀਤੀ ਤਰੱਕੀ ਉਪਰ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਮਰੀਕਾ ਵਿਚ ਆ ਕੇ ਸਾਡੇ ਵੀਰਾਂ ਨੇ ਸਫ਼ਲਤਾ ਦੇ ਝੰਡੇ ਗੱਡੇ ਹਨ। ਉਨ੍ਹਾਂ ਨੇ ਪ੍ਰਵਾਸੀਆਂ ਨੂੰ ਕਿਹਾ ਕਿ ਉਹ ਪੰਜਾਬ ਦੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਵੀ ਅੱਗੇ ਆਉਣ। ਇਸ ਮੌਕੇ ਉਨ੍ਹਾਂ ਨਾਲ ਗੁਰਵੰਤ ਸਿੰਘ ਪੰਨੂ ਪ੍ਰਧਾਨ ਓਵਰਸੀਜ਼ ਕਾਂਗਰਸ (ਆਈ) ਕੈਲੀਫੋਰਨੀਆ ਤੇ ਬੂਟਾ ਸਿੰਘ ਬਾਸੀ ਮੁੱਖ ਸੰਪਾਦਕ ਸਾਂਝੀ ਸੋਚ ਵੀ ਸਨ।