ਅਰੁਣ ਜੇਤਲੀ ਅਤੇ ਵਕੀਲ ਰਾਮ ਜੇਠਮਲਾਨੀ ਵਿਚਾ ਹੋਈ ਤਿੱਖੀ ਬਹਿਸ

ਨਵੀਂ ਦਿੱਲੀ — ਕੇਂਦਰੀ ਮੰਤਰੀ ਅਰੁਣ ਜੇਤਲੀ ਅਤੇ ਸੀਨੀਅਰ ਵਕੀਲ ਰਾਮ ਜੇਠਮਲਾਨੀ ਵਿਚਾਲੇ ਅੱਜ ਦਿੱਲੀ ਹਾਈ ਕੋਰਟ ਵਿਚ ਤਿੱਖੀ ਬਹਿਸ ਹੋਈ। ਇਹ ਬਹਿਸ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਮਾਣਹਾਨੀ ਮਾਮਲੇ ਵਿਚ ਜੇਤਲੀ ਨਾਲ ਜਿਰਾਹ ਦੌਰਾਨ ਹੋਈ। ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਵਿਰੁੱਧ 10 ਕਰੋੜ ਰੁਪਏ ਦੇ ਦੀਵਾਨੀ ਮਾਣਹਾਨੀ ਦੇ ਮੁਕੱਦਮੇ ਵਿਚ ਜੇਤਲੀ ਦਾ ਬਿਆਨ ਦਰਜ ਨਹੀਂ ਹੋ ਸਕਿਆ ਕਿਉਂਕਿ ਮੰਤਰੀ ਨੇ ਮੁੱਖ ਮੰਤਰੀ ਦੀ ਪ੍ਰਤੀਨਿਧਤਾ ਕਰ ਰਹੇ ਪ੍ਰਸਿੱਧ ਵਕੀਲ ਵਲੋਂ ਉਨ੍ਹਾਂ ਵਿਰੁੱਧ ਵਰਤੇ ਗਏ ਸ਼ਬਦ ‘ਤੇ ਇਤਰਾਜ਼ ਕੀਤਾ। ਸੰਯੁਕਤ ਰਜਿਸਟਰਾਰ ਦੀਪਾਲੀ ਸ਼ਰਮਾ ਦੇ ਸਾਹਮਣੇ ਹਾਜ਼ਰ ਵਿੱਤ ਮੰਤਰੀ ਬੜੇ ਗੁੱਸੇ ਵਿਚ ਆ ਗਏ ਅਤੇ ਜੇਠਮਲਾਨੀ ਕੋਲੋਂ ਪੁੱਛਿਆ ਕਿ ਕੀ ਕੇਜਰੀਵਾਲ ਤੋਂ ਹੁਕਮ ਲੈ ਕੇ ਉਨ੍ਹਾਂ ਵਿਰੁੱਧ ਅਜਿਹੇ ਸ਼ਬਦ ਦੀ ਵਰਤੋਂ ਕੀਤੀ ਹੈ। ਜੇਤਲੀ ਨੇ ਕਿਹਾ, ”ਜੇਕਰ ਅਜਿਹਾ ਹੈ ਤਾਂ ਮੈਂ ਪ੍ਰਤੀਵਾਦੀ (ਕੇਜਰੀਵਾਲ) ਵਿਰੁੱਧ ਦੋਸ਼ਾਂ ਨੂੰ ਵਧਾ ਦਿਆਂਗਾ ਅਤੇ ਮਾਣਹਾਨੀ ਦੀ ਰਕਮ ਵਧਾ ਦਿਆਂਗਾ। ਉਨ੍ਹਾਂ ਕਿਹਾ ਕਿ ਨਿੱਜੀ ਦੁਰਭਾਵਨਾ ਦੀ ਵੀ ਇਕ ਹੱਦ ਹੁੰਦੀ ਹੈ।”
ਜੇਤਲੀ ਦੀ ਪ੍ਰਤੀਨਿਧਤਾ ਕਰ ਰਹੇ ਸੀਨੀਅਰ ਵਕੀਲ ਰਾਜੀਵ ਨਾਇਰ ਅਤੇ ਸੰਜੀਵ ਸੇਠੀ ਨੇ ਵੀ ਕਿਹਾ ਕਿ ਜੇਠਮਲਾਨੀ ਇਤਰਾਜ਼ਯੋਗ ਸਵਾਲ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਖੁਦ ਨੂੰ ਅਪ੍ਰਸੰਗਕ ਸੁਆਲ ਪੁੱਛਣ ਤੋਂ ਸੰਕੋਚ ਕਰਨੀ ਚਾਹੀਦੀ ਹੈ ਕਿਉੁਂਕਿ ਇਹ ਮਾਮਲਾ ਅਰੁਣ ਜੇਤਲੀ ਬਨਾਮ ਕੇਜਰੀਵਾਲ ਹੈ ਅਤੇ ਇਹ ਰਾਮਜੇਠਮਲਾਨੀ ਬਨਾਮ ਅਰੁਣ ਜੇਤਲੀ ਨਹੀਂ। ਇਸ ‘ਤੇ ਜੇਠਮਲਾਨੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਸ਼ਬਦ ਦੀ ਵਰਤੋਂ ਕੇਜਰੀਵਾਲ ਦੇ ਹੁਕਮ ‘ਤੇ ਕੀਤੀ ਹੈ। ‘ਆਪ’ ਆਗੂਆਂ ਦਾ ਬਚਾਅ ਕਰ ਰਹੇ ਜੇਠਮਲਾਨੀ ਸਮੇਤ ਵਕੀਲਾਂ ਦੇ ਇਕ ਸਮੂਹ ਨੇ ਇਹ ਵੀ ਕਿਹਾ ਕਿ ਜੇਤਲੀ ਆਪਣੀ ਕਥਿਤ ਮਾਣਹਾਨੀ ਲਈ 10 ਕਰੋੜ ਰੁਪਏ ਦੇ ਦਾਅਵੇ ਦੇ ਹੱਕਦਾਰ ਨਹੀਂ। ਜੇਤਲੀ ਨੇ ਕੇਜਰੀਵਾਲ ਅਤੇ 5 ਹੋਰ ‘ਆਪ’ ਆਗੂਆਂ ਰਾਘਵ ਚੱਢਾ, ਕੁਮਾਰ ਵਿਸ਼ਵਾਸ, ਆਸ਼ੂਤੋਸ਼, ਸੰਜੇ ਸਿੰਘ, ਦੀਪਕ ਬਾਜਪਾਈ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕਰ ਕੇ 10 ਕਰੋੜ ਰੁਪਏ ਹਰਜਾਨੇ ਦੀ ਮੰਗ ਕੀਤੀ ਸੀ। ਇਨ੍ਹਾਂ ਆਗੂਆਂ ਨੇ ਸਾਲ 2000 ਤੋਂ 2013 ਤਕ ਡੀ. ਡੀ. ਸੀ. ਏ. ਦਾ ਪ੍ਰਧਾਨ ਰਹਿਣ ਦੌਰਾਨ ਜੇਤਲੀ ‘ਤੇ ਵਿੱਤੀ ਬੇਨਿਯਮੀਆਂ ਕਰਨ ਦਾ ਦੋਸ਼ ਲਗਾਇਆ ਸੀ।

Be the first to comment

Leave a Reply