ਅਲਬਰਟਾ ਦੀ ਪ੍ਰੀਮੀਅਰ ਰੇਚਲ ਨੋਟਲੇ ਆਉਣ ਵਾਲੇ ਦਿਨਾਂ ‘ਚ ਕਰੇਗੀ ਅਹਿਮ ਐਲਾਨ

ਅਲਬਰਟਾ ਦੀ ਪ੍ਰੀਮੀਅਰ ਰੇਚਲ ਨੋਟਲੇ ਨੇ ਅੱਜ ਕੈਲਗਰੀ ਦੀਆਂ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਧਾਰਮਿਕ ਤੇ ਸਮਾਜ ਸੇਵਕ ਸੰਸਥਾਵਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਕਈ ਅਹਿਮ ਵਿਚਾਰਾਂ ਕੀਤੀਆਂ | ਉਨ੍ਹਾਂ ਪੰਜਾਬੀ ਭਾਈਚਾਰੇ ਦੇ ਹਾਜ਼ਰ ਮੋਹਤਬਰ ਵਿਅਕਤੀਆਂ ਦੇ ਵਿਚਾਰ ਵੀ ਸੁਣੇ ਅਤੇ ਉਨ੍ਹਾਂ ਦੀਆਂ ਅਹਿਮ ਮੰਗਾਂ ਨੂੰ ਜਲਦੀ ਹੱਲ ਕਰਨ ਦਾ ਵਿਸ਼ਵਾਸ ਦਵਾਇਆ | ਮੀਟਿੰਗ ਤੋਂ ਬਾਅਦ ਬੇਸ਼ੱਕ ਕੋਈ ਜਾਣਕਾਰੀ ਪੱਤਰਕਾਰਾਂ ਦੇ ਧਿਆਨ ਵਿਚ ਨਹੀਂ ਲਿਆਂਦੀ ਗਈ ਪਰ ਭਰੋਸੇਯੋਗ ਸੂਤਰਾਂ ਤੋ ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ‘ਚ ਅਲਬਰਟਾ ਦੀ ਪ੍ਰੀਮੀਅਰ ਰੇਚਲ ਨੋਟਲੇ ਅਹਿਮ ਐਲਾਨ ਕਰਨ ਜਾ ਰਹੀ ਹੈ, ਜਿਸ ਵਿਚ ਖ਼ਾਲਸਾ ਹੈਰੀਟੇਜ ਮਹੀਨੇ ਦਾ ਐਲਾਨ ਅਹਿਮ ਹੋਵੇਗਾ | ਮੀਟਿੰਗ ਤੋ ਬਾਅਦ ਕੁਝ ਵਿਅਕਤੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਮੋਟਰਸਾਈਕਲ ਚਲਾਉਣ ਸਮੇਂ ਹੈਲਮੈਂਟ ਤੋਂ ਛੋਟ ਵਾਸਤੇ ਵੀ ਐਲਾਨ ਹੋ ਸਕਦਾ ਹੈ | ਫਿਰ ਦਸਤਾਰਧਾਰੀ ਸਿੱਖਾਂ ਨੂੰ ਹੈਲਮੈਂਟ ਤੋਂ ਬਿਨ੍ਹਾਂ ਮੋਟਰਸਾਈਕਲ ਚਲਾਉਣ ਦੀ ਆਗਿਆ ਮਿਲ ਜਾਵੇਗੀ | ਇਸ ਮੌਕੇ ਕੈਬਨਿਟ ਮੰਤਰੀ ਇਰਫਾਨ ਸਾਬਰ, ਰੂਪ ਰਾਏ, ਭਾਈ ਪਰਮੀਤ ਸਿੰਘ ਬੋਪਾਰਾਏ, ਸੁਖਦੇਵ ਸਿੰਘ ਖਹਿਰਾ, ਵੀਰਇੰਦਰਜੀਤ ਸਿੰਘ ਭੱਟੀ, ਅਮਨਦੀਪ ਸਿੰਘ ਰਣੀਆ, ਅਮਰਜੀਤ ਸਿੰਘ ਸੰਧੂ, ਸੋਹਣ ਲਾਲ ਰੱਤੂ, ਸੁਖਦੇਵ ਸਿੰਘ ਬੈਂਸ, ਸੁਖਦੇਵ ਰੱਤੂ ਤੇ ਸਰਕਾਰ ਦੇ ਕਈ ਨੁਮਾਇੰਦੇ ਹਾਜ਼ਰ ਸਨ |