ਅਸਤੀਫ਼ੇ ਨਾਲ ਰੇਤ ਘੁਟਾਲੇ ‘ਚ ਰਾਣਾ ਗੁਰਜੀਤ ਵੱਲੋਂ ਕੀਤੀ ਹੇਰਾਫੇਰੀ ਸਾਬਿਤ ਹੋਈ: ਅਕਾਲੀ ਦਲ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸਿੰਜਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਅਸਤੀਫਾ ਦੇਣ ਨਾਲ ਰੇਤ ਖੱਡਾਂ ਦੇ ਘੁਟਾਲੇ ਵਿਚ ਮੰਤਰੀ ਵੱਲੋਂ ਆਪਣੇ ਬੰਦਿਆਂ ਨੂੰ ਰੇਤ ਖੱਡਾਂ ਦਿਵਾਉਣ ਲਈ ਕੀਤੀ ਹੇਰਾਫੇਰੀ ਸਾਬਿਤ ਹੋ ਗਈ ਹੈ ਅਤੇ ਉਸ ਖ਼ਿਲਾਫ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਲਈ ਅਪਰਾਧਿਕ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂ ਅਤੇ ਸਾਂਸਦ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਸਤੀਫੇ ਨੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਰੇਤ ਖੱਡਾਂ ਦੀ ਨੀਲਾਮੀ ਦੀ ਸਮੁੱਚੀ ਪ੍ਰਕਿਰਿਆ ਨਾਲ ਛੇੜਛਾੜ ਕੀਤੀ ਗਈ ਸੀ। ਉਹਨਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੂੰ ਅਲਾਟ ਕੀਤੀਆਂ ਸਾਰੀਆਂ ਰੇਤ ਖੱਡਾਂ ਤੁਰੰਤ ਰੱਦ ਹੋਣੀਆਂ ਚਾਹੀਦੀਆਂ ਹਨ। ਉਹਨਾਂ ਮੰਤਰੀਆਂ ਖ਼ਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ, ਜਿਹਨਾਂ ਨੇ ਇਸ ਅਪਰਾਧ ਬਾਰੇ ਜਾਣਦੇ ਹੋਏ ਵੀ ਚੁੱਪੀ ਸਾਧੀ ਰੱਖੀ। ਸਰਦਾਰ ਭੂੰਦੜ ਨੇ ਕਿਹਾ ਕਿ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਕੀਤੇ ਜਾਣ ਮਗਰੋਂ ਕਾਂਗਰਸ ਹਾਈ ਕਮਾਂਡ ਨੇ ਰਾਣਾ ਗੁਰਜੀਤ ਤੋਂ ਅਸਤੀਫਾ ਮੰਗਣ ਦਾ ਇਹ ਅਚਨਚੇਤੀ ਕਦਮ ਚੁੱਕਿਆ ਹੈ। ਉਹਨਾਂ ਕਿਹਾ ਕਿ ਰਾਣਾ ਗੁਰਜੀਤ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਸ ਨੇ ਨੈਤਿਕ ਆਧਾਰ ਉੱਤੇ ਅਸਤੀਫਾ ਦਿੱਤਾ ਹੈ। ਜੇਕਰ ਅਜਿਹਾ ਹੁੰਦਾ ਤਾਂ ਜਦੋਂ ਉਸ ਦੇ ਖਾਨਸਾਮੇ ਅਮਿਤ ਬਹਾਦਰ ਨੂੰ 26 ਕਰੋੜ ਰੁਪਏ ਦੀ ਰੇਤ ਖੱਡ ਅਲਾਟ ਕੀਤੇ ਜਾਣ ਮਗਰੋਂ ਉਸ ਦਾ ਨਾਂ ਰੇਤ ਘੁਟਾਲੇ ਵਿਚ ਸਾਹਮਣੇ ਆਇਆ ਸੀ, ਤਦ ਹੀ ਉਸ ਨੇ ਅਸਤੀਫਾ ਦੇ ਦੇਣਾ ਸੀ। ਅਕਾਲੀ ਆਗੂ ਨੇ ਕਿਹਾ ਕਿ ਇਹ ਗੱਲ ਵੀ ਸਾਬਿਤ ਹੋ ਚੁੱਕੀ ਹੈ ਕਿ ਜਸਟਿਸ (ਸੇਵਾਮੁਕਤ) ਜੇਐਸ ਨਾਰੰਗ ਕਮਿਸ਼ਨ ਕੁੱਝ ਖਾਸ ਸ਼ਰਤਾਂ ਦਾ ਹਵਾਲਾ ਦੇ ਕੇ ਰਾਣਾ ਗੁਰਜੀਤ ਨੂੰ ਨਿਰਦੋਸ਼ ਸਾਬਿਤ ਕਰਨ ਲਈ ਕਾਇਮ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਹ ਤਾਂ ਸਪੱਸ਼ਟ ਹੈ ਕਿ ਨਾਰੰਗ ਕਮਿਸ਼ਨ ਆਪਣਾ ਫਰਜ਼ ਨਿਭਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ। ਇਹ ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਸਟਿਸ (ਸੇਵਾਮੁਕਤ) ਨਾਰੰਗ ਨੂੰ ਕਹੇ ਕਿ ਉਹ ਸਰਕਾਰੀ ਖ਼ਜ਼ਾਨੇ ਦਾ ਸਾਰਾ ਪੈਸਾ ਵਾਪਸ ਕਰੇ, ਜਿਹੜਾ ਉਸ ਨੇ ਇਸ ਮਾਮਲੇ ਦੀ ਜਾਅਲੀ ਜਾਂਚ ਕਰਨ ਬਦਲੇ ਲਿਆ ਹੈ।

Be the first to comment

Leave a Reply