ਅੰਤਰ ਰਾਸ਼ਟਰੀ ਭਾਈਚਾਰਾ ਅੱਤਵਾਦ ਵਿਰੋਧੀ ਕੋਸ਼ਿਸ਼ਾਂ ‘ਚ ਪਾਕਿ ਦਾ ਕਰੇ ਸਮਰਥਨ : ਚੀਨ

ਚੀਨ ਨੇ ਸ਼ੁੱਕਰਵਾਰ ਨੂੰ ਆਪਣੇ ਦੋਸਤ ਦੇਸ਼ ਪਾਕਿਸਤਾਨ ਦਾ ਸਮਰਥਨ ਕੀਤਾ। ਇਸ ਦੇ ਨਾਲ ਹੀ ਉਸ ਨੇ ਪਾਕਿਸਤਾਨ ਦੀਆਂ ਅੱਤਵਾਦ ਵਿਰੋਧੀ ਕੋਸ਼ਿਸ਼ਾਂ ਵਿਚ ਅੰਤਰ ਰਾਸ਼ਟਰੀ ਭਾਈਚਾਰੇ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਕਿਸਤਾਨ ਨੂੰ ‘ਅੱਤਵਾਦ ਨਿਰਯਾਤ ਫੈਕਟਰੀ’ ਦੱਸੇ ਜਾਣ ਮਗਰੋਂ ਚੀਨ ਨੇ ਇਹ ਪ੍ਰਤੀਕਿਰਿਆ ਆਈ ਹੈ। ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੁਆ ਚੁਨਯਿੰਗ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਅੱਤਵਾਦ ਰੂਪੀ ਦੁਸ਼ਮਣ ਦਾ ਸਾਹਮਣਾ ਸਾਰੇ ਕਰ ਰਹੇ ਹਨ। ਅੰਤਰ ਰਾਸ਼ਟਰੀ ਭਾਈਚਾਰੇ ਨੂੰ ਇਸ ਵਿਰੁੱਧ ਲੜਨ ਲਈ ਕੰਮ ਕਰਨਾ ਚਾਹੀਦਾ ਹੈ।
ਹੁਆ ਨੇ ਕਿਹਾ,”ਸਾਨੂੰ ਉਮੀਦ ਹੈ ਕਿ ਅੰਤਰ ਰਾਸ਼ਟਰੀ ਭਾਈਚਾਰਾ ਅੱਤਵਾਦ ਦਾ ਮੁਕਾਬਲਾ ਕਰਨ ਵਿਚ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰ ਸਕਦਾ ਹੈ ਅਤੇ ਇਸ ਬਾਰੇ ਵਿਚ ਉਸ ਨਾਲ ਪ੍ਰਭਾਵੀ ਸਹਿਯੋਗ ਕਰ ਸਕਦਾ ਹੈ।” ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਪਹਿਲਾਂ ਹੁਆ ਦੀ ਇਹ ਟਿੱਪਣੀ ਆਈ ਹੈ। ਗੌਰਤਲਬ ਹੈ ਕਿ ਮੋਦੀ ਨੇ ਬੁੱਧਵਾਰ ਨੂੰ ਲੰਡਨ ਵਿਚ ‘ਭਾਰਤ ਕੀ ਬਾਤ, ਸਭ ਕੇ ਸਾਥ’ ਪ੍ਰੋਗਰਾਮ ਵਿਚ ਕਿਹਾ ਸੀ ਕਿ ਭਾਰਤ ਅੱਤਵਾਦ ਦਾ ਨਿਰਯਾਤ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਉਨ੍ਹਾਂ ਨੂੰ ਉਸ ਭਾਸ਼ਾ ਵਿਚ ਜਵਾਬ ਦੇਵੇਗਾ, ਜਿਸ ਨੂੰ ਉਹ ਸਮਝਦਾ ਹੈ। ਐੱਸ. ਸੀ. ਓ. ਦੀ ਇਹ ਬੈਠਕ ਅਗਲੇ ਹਫਤੇ ਦੀ ਸ਼ੁਰੂਆਤ ਵਿਚ ਹੋਣ ਵਾਲੀ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ 24 ਅਪ੍ਰੈਲ ਨੂੰ ਹੋਣ ਵਾਲੀ ਬੈਠਕ ਵਿਚ ਹਿੱਸਾ ਲੈਣ ਲਈ ਕੱਲ ਇੱਥੇ ਪਹੁੰਚ ਰਹੀ ਹੈ। ਇੱਥੇ ਉਹ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਐਤਵਾਰ ਨੁੰ ਮੁਲਾਕਾਤ ਕਰੇਗੀ। ਉੱਥੇ ਦੂਜੇ ਪਾਸੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਉਸੇ ਦਿਨ ਐੱਸ. ਸੀ. ਓ. ਰੱਖਿਆ ਮੰਤਰੀਆਂ ਦੀ ਬੈਠਕ ਵਿਚ ਸ਼ਾਮਲ ਹੋਵੇਗੀ। 8 ਮੈਂਬਰੀ ਸੰਗਠਨ ਵਿਚ ਭਾਰਤ ਅਤੇ ਪਾਕਿਸਤਾਨ ਨੂੰ ਸ਼ਾਮਲ ਕੀਤੇ ਜਾਣ ਮਗਰੋਂ ਇਹ ਇਸ ਦੀ ਪਹਿਲੀ ਬੈਠਕ  ਹੈ। ਇਸ ਸੰਗਠਨ ਵਿਚ ਚੀਨ ਅਤੇ ਰੂਸ ਖਾਸ ਭੂਮਿਕਾ ਨਿਭਾਉਂਦੇ ਹਨ। ਇਸ ਸਾਲ ਜੂਨ ਵਿਚ ਚੀਨ ਵਿਚ ਹੋਣ ਵਾਲੇ ਐੱਸ. ਸੀ. ਓ. ਦੇ ਸੰਮੇਲਨ ਵਿਚ ਮੋਦੀ ਦੀ ਸ਼ਾਮਲ ਹੋਣਗੇ। ਹੁਆ ਨੇ ਕਿਹਾ ਕਿ ਅੱਤਵਾਦ ਨਾਲ ਜੁੜੇ ਮੁੱਦਿਆਂ ‘ਤੇ ਐੱਸ. ਸੀ. ਓ. ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਚਰਚਾ ਹੋਵੇਗੀ।