ਅੰਨਾ ਹਜ਼ਾਰੇ ਨੂੰ ਚੇਤੇ ਆਇਆ ਜਨ ਲੋਕਪਾਲ

ਨਵੀਂ ਦਿੱਲੀ –  ਜਨਲੋਕਪਾਲ ਬਿੱਲ ਨੂੰ ਕੌਮੀ ਮੁੱਦਾ ਬਣਾਉਣ ਵਾਲੇ ਸਮਾਜ ਸੇਵਕ ਅੰਨਾ ਹਜ਼ਾਰੇ ਗਾਂਧੀ ਜੈਅੰਤੀ ਮੌਕੇ ਰਾਜਘਾਟ ਵਿਖੇ ਕੁਝ ਸਮੇਂ ਲਈ ਸੱਤਿਆਗ੍ਰਹਿ ’ਤੇ ਬੈਠੇ ਅਤੇ ਦੇਸ਼ ਵਿੱਚ ਜਨ ਲੋਕਪਾਲ ਲਾਗੂ ਕਰਨ ਦੀ ਮੰਗ ਕੀਤੀ। ਸ੍ਰੀ ਹਜ਼ਾਰੇ ਨੇ ਕਿਹਾ ਕਿ 6 ਸਾਲ ਬੀਤਣ ਦੇ ਬਾਵਜੂਦ ਜਨਲੋਕਪਾਲ ਲਾਗੂ ਨਹੀਂ ਕੀਤਾ ਗਿਆ ਤੇ ਮੋਦੀ ਸਰਕਾਰ ਭ੍ਰਿਸ਼ਟਾਚਾਰ ਨੂੰ ਰੋਕਣ ਵਿੱਚ ਨਾਕਾਮ ਸਾਬਤ ਹੋਈ ਹੈ। ਸਰਕਾਰ ਜਨਲੋਕਪਾਲ ਅਤੇ ਲੋਕਾਯੁਕਤ ਲਾਗੂ ਕਰਨ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਕੇਂਦਰ ਸਰਕਾਰ ਭ੍ਰਿਸ਼ਟਾਚਾਰ ਰੋਕਣ ਲਈ ਕੋਈ ਕਦਮ ਨਹੀਂ ਉਠਾਉਂਦੀ ਤਾਂ ਉਹ ਇਸ ਸਾਲ ਦਸੰਬਰ ਜਾਂ ਅਗਲੇ ਸਾਲ ਜਨਵਰੀ ਵਿੱਚ ਮੁੜ ਤੋਂ ਸੰਘਰਸ਼ ਕਰਨਗੇ। ਉਨ੍ਹਾਂ ਕਿਹਾ, ‘ਮੈਂ 35 ਸਾਲ ਤੋਂ ਅੰਦੋਲਨ ਕਰ ਰਿਹਾ ਹਾਂ। ਇੱਕ ਵੀ ਪਾਰਟੀ ਅਜਿਹੀ ਨਹੀਂ, ਜਿਸ ਖ਼ਿਲਾਫ਼ ਪ੍ਰਦਰਸ਼ਨ ਨਾ ਕੀਤਾ ਹੋਵੇ। ਛੇ ਸਾਲ ਤੋਂ ਲੋਕਪਾਲ ਦੀ ਲੜਾਈ ਲੜ ਰਿਹਾ ਹਾਂ।’ ਸ੍ਰੀ ਹਜ਼ਾਰੇ ਨੇ ਕਿਹਾ ਕਿ ਭਾਜਪਾ ਵਿਰੋਧੀ ਧਿਰ ਹੁੰਦਿਆਂ ਲੋਕਪਾਲ ਦਾ ਸਮੱਰਥਨ ਕਰ ਰਹੀ ਸੀ ਪਰ 3 ਸਾਲ ਸੱਤਾ ਵਿੱਚ ਰਹਿਣ ’ਤੇ ਵੀ ਕੀਤਾ ਕੁਝ ਨਹੀਂ। ਉਨ੍ਹਾਂ ਆਖਿਆ ਕਿ ਆਰਟੀਆਈ ਲਾਗੂ ਹੋਣ ਨਾਲ ਕੁਝ ਫ਼ਰਕ ਜ਼ਰੂਰ ਪਿਆ ਹੈ। ਆਜ਼ਾਦੀ ਦੇ 70 ਸਾਲ ਬਾਅਦ ਵੀ ਆਜ਼ਾਦੀ ਘੁਲਾਟੀਆਂ ਦੇ ਸੁਫ਼ਨੇ ਪੂਰੇ ਨਹੀਂ ਹੋਏ ਤੇ ਨਾ ਹੀ ਮੋਹਨ ਦਾਸ ਕਰਮਚੰਦ ਗਾਂਧੀ ਦਾ ਸੁਫ਼ਨਾ ਪੂਰਾ ਹੋਇਆ। ਉਨ੍ਹਾਂ ਨੇ ਰਾਜਘਾਟ ਪੁੱਜ ਕੇ ਸ੍ਰੀ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ।

Be the first to comment

Leave a Reply