ਅੰਮ੍ਰਿਤਸਰ ਤੋਂ ਮੁੜ ਸਿੱਧੀਆਂ ਫਲਾਈਟਾਂ ਦੀ ਤਨਮਨਜੀਤ ਸਿੰਘ ਢੇਸੀ ਨੇ ਕੀਤੀ ਮੰਗ

ਲੰਡਨ— ਇੰਗਲੈਂਡ ਦੇ ਸਲੋਹ ਹਲਕੇ ਤੋਂ ਸਿੱਖ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਅੰਮ੍ਰਿਤਸਰ ਤੋਂ ਮੁੜ ਸਿੱਧੀਆਂ ਫਲਾਈਟਾਂ ਸ਼ੁਰੂ ਕਰਨ ਦੀ ਮੰਗ ਕੀਤੀ। ਉਨ੍ਹਾਂ ਯੂ. ਕੇ. ਵਿਚ ਜੈੱਟ ਏਅਰਵੇਜ਼ ਦੀ ਮੁਖੀ ਮੈਡਮ ਲਾਇਡਾ ਨਾਜਰੈੱਥ ਨਾਲ ਲੰਡਨ ਵਿਖੇ ਮੁਲਾਕਾਤ ਕਰਕੇ ਪੰਜਾਬੀਆਂ ਨੂੰ ਦਰਪੇਸ਼ ਹਵਾਈ ਸਫਰ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਤੋਂ ਲੰਡਨ ਅਤੇ ਬਰਮਿੰਘਮ ਦੀਆਂ ਸਿੱਧੀਆਂ ਏਅਰ ਫਲਾਈਟਾਂ ਮੁੜ ਸ਼ੁਰੂ ਕੀਤੀਆਂ ਜਾਣ। ਇਸ ਨਾਲ ਪੰਜਾਬੀ ਭਾਈਚਾਰੇ ਨੂੰ ਫਾਇਦਾ ਹੋਵੇਗਾ ਜੋ ਪੰਜਾਬ ਵਿਚ ਵੱਖ-ਵੱਖ ਥਾਈਂ ਰਹਿੰਦੇ ਹਨ। ਤਨਮਨਢੇਸੀ ਨਾਲ ਮੁਲਾਕਾਤ ਸਮੇਂ ਸਲੋਹ ਦੇ ਉੱਘੇ ਪਤਵੰਤੇ ਤਨਸੀਰ ਬੁਖਾਰੀ ਅਤੇ ਜਸਵਿੰਦਰ ਸਿੰਘ ਰੱਖੜਾ ਸ਼ਾਮਲ ਸਨ, ਜਿਨ੍ਹਾਂ ਨੇ ਏਅਰਵੇਜ਼ ਦੀ ਮੁਖੀ ਨਾਲ ਗੱਲ ਕੀਤੀ ਕਿ ਕੌਮਾਂਤਰੀ ਪੱਧਰ ‘ਤੇ ਯਾਤਰੀਆਂ ਲਈ ਅੰਮ੍ਰਿਤਸਰ ਖਿੱਚ ਦਾ ਕੇਂਦਰ ਹੈ। ਮੈਡਮ ਨਾਜਰੈੱਥ ਨੇ ਬਹੁਤ ਧਿਆਨ ਨਾਲ ਇਸ ਮੰਗ ਨੂੰ ਸੁਣਿਆ ਤੇ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਹਿੱਤ ਭੇਜ ਦਿੱਤਾ। ਅੰਮ੍ਰਿਤਸਰ ਵਿਕਾਸ ਮੰਚ ਵਲੋਂ ਵੀ ਅਜਿਹੀ ਮੰਗ ਕੀਤੀ ਜਾ ਚੁੱਕੀ ਹੈ ਤੇ ਪੰਜਾਬ ਦੀਆਂ ਕੁਝ ਹੋਰ ਸੰਸਥਾਵਾਂ ਵੀ ਇਹ ਮੰਗ ਪਹਿਲਾਂ ਹੀ ਕਰ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਇਹ ਮੰਗ ਤਨਮਨਜੀਤ ਸਿੰਘ ਢੇਸੀ ਦੀ ਪਿਛਲੇ ਸਾਲ ਵਿੱਢੀ ਗਈ ਮੁਹਿੰਮ ਦਾ ਹਿੱਸਾ ਹੈ, ਜੋ ਪੰਜਾਬੀਆਂ ਅਤੇ ਕੌਮ ਦੀ ਭਲਾਈ ਲਈ ਉਨ੍ਹਾਂ ਵਲੋਂ ਕੀਤਾ ਜਾ ਰਿਹਾ ਹੈ। ਉਹ ਦੋਵਾਂ ਦੇਸ਼ਾਂ ਵਿਚ ਪੁਲ ਬਣ ਕੇ ਵਿਚਰ ਰਹੇ ਹਨ ਅਤੇ ਉਨ੍ਹਾਂ ਦੇ ਸੰਜੀਦਾ ਯਤਨਾਂ ਸਦਕਾ ਹੀ ਹੱਲ ਵੱਲ ਵਧ ਰਹੇ ਹਨ।

Be the first to comment

Leave a Reply