ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਟੀ.ਬੀ. ਹਸਪਤਾਲ ਪਹੁੰਚ ਕੇ ਅਚਨਚੇਤ ਚੈਕਿੰਗ ਕੀਤੀ

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਬਣਿਆ ਸਰਕਾਰੀ ਟੀ.ਬੀ. ਹਸਪਤਾਲ ਖੁਦ ਬਿਮਾਰੀ ਦੀ ਚਪੇਟ ਵਿੱਚ ਹੈ। ਇਸ ਦੀ ਪੋਲ ਉਸ ਵੇਲੇ ਖੁੱਲ੍ਹੀ ਜਦੋਂ ਇੱਕ ਮਰੀਜ਼ ਦੇ ਰਿਸ਼ਤੇਦਾਰ ਵੱਲੋਂ ਇਤਲਾਹ ਦੇਣ ਮਗਰੋਂ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਉੱਥੇ ਪਹੁੰਚ ਕੇ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਗੰਦਗੀ ਤੋਂ ਇਲਾਵਾ ਉੱਥੇ ਕਈ ਖਾਮੀਆਂ ਵੇਖਣ ਨੂੰ ਮਿਲੀਆਂ। ਜਦੋਂ ਸੰਸਦ ਮੈਂਬਰ ਗੁਰਜੀਤ ਔਜਲਾ ਉੱਥੇ ਪਹੁੰਚੇ ਤਾਂ ਹਸਪਤਾਲ ਵਿੱਚ ਮੌਜੂਦ ਡਾਕਟਰਾਂ ਤੇ ਬਾਕੀ ਸਟਾਫ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸਾਰੇ ਇੱਕਦਮ ਹੈਰਾਨ ਹੋ ਗਏ। ਔਜਲਾ ਨੇ ਵੇਖਿਆ ਕੇ ਹਸਪਤਾਲ ਦੇ ਪਾਰਕ ਵਿੱਚ ਕਈ ਮਰੀਜ਼ਾਂ ਨੂੰ ਗੁਲੂਕੋਜ਼ ਲਾਇਆ ਗਿਆ ਸੀ। ਇਸ ਤੋਂ ਇਲਾਵਾ ਉੱਥੇ ਦਾਖਲ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਪੀਣ ਵਾਲੇ ਸਾਫ-ਸੁਥਰੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਇਸ ਤੋਂ ਇਲਾਵਾ ਅਪ੍ਰੇਸ਼ਨ ਥਿਏਟਰ ਅੰਦਰ ਪਏ ਕਈ ਟੇਬਲ ਤੱਕ ਵੀ ਟੁੱਟੇ ਹੋਏ ਸਨ। ਇੰਨਾ ਹੀ ਨਹੀਂ ਜਿਨ੍ਹਾਂ ਕਮਰਿਆਂ ਵਿੱਚ ਮਰੀਜ਼ ਦਾਖਲ ਕੀਤੇ ਗਏ ਸਨ, ਉੱਥੇ ਕੁੱਤੇ ਵੀ ਘੁੰਮਦੇ ਹੋਏ ਦਿਖਾਈ ਦਿੱਤੇ। ਹਸਪਤਾਲ ਦੇ ਦੌਰੇ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਨੇ ਹਸਪਤਾਲ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਇਸ ਬਾਰੇ ਪੰਜਾਬ ਸਰਕਾਰ ਨੂੰ ਲਿਖਣਗੇ। ਉਨ੍ਹਾਂ ਕਿਹਾ ਕਿ ਸਾਰੇ ਹਸਪਤਾਲ ਦੇ ਸਟਾਫ ਨੂੰ ਚੇਤਾਵਨੀ ਦੇ ਕੇ ਕਿਹਾ ਗਿਆ ਹੈ ਕਿ ਉਹ ਸਾਰੇ ਪ੍ਰਬੰਧ ਦਰੁਸਤ ਕਰਨ ਨਹੀਂ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Be the first to comment

Leave a Reply