ਅੱਜ ਗੁਰੂ ਨਗਰੀ ਸਥਿਤ ਜਲ੍ਹਿਆਂਵਾਲਾ ਬਾਗ ਵਿਖੇ 1919 ਵਿੱਚ ਹੋਏ ਖੂਨੀ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚੇ ਲੰਡਨ ਦੇ ਮੇਅਰ ਸਾਦਿਕ ਖ਼ਾਨ

ਅੰਮ੍ਰਿਤਸਰ: ਅੱਜ ਗੁਰੂ ਨਗਰੀ ਸਥਿਤ ਜਲ੍ਹਿਆਂਵਾਲਾ ਬਾਗ ਵਿਖੇ 1919 ਵਿੱਚ ਹੋਏ ਖੂਨੀ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚੇ ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਵੱਲੋਂ ਉਸ ਵੇਲੇ ਅੰਜਾਮ ਦਿੱਤੇ ਗਏ ਇਸ ਸਾਕੇ ਲਈ ਮੁਆਫੀ ਮੰਗਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਵੀ ਟੇਕਿਆ। ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਉਹ ਜਲ੍ਹਿਆਂਵਾਲਾ ਬਾਗ ਪੁੱਜੇ। ਉਨ੍ਹਾਂ ਉੱਥੇ ਬਣੇ ਸ਼ਹੀਦੀ ਸਮਾਰਕ ਤੇ ਸ਼ਰਧਾਂਜਲੀ ਭੇਟ ਕੀਤੀ ਤੇ ਉਸ ਵੇਲੇ ਹੋਏ ਖੂਨੀ ਸਾਕੇ ਬਾਰੇ ਸਾਰੀ ਜਾਣਕਾਰੀ ਵੀ ਲਈ। ਇਸ ਤੋਂ ਬਾਅਦ ਉਨ੍ਹਾਂ ਵਿਜ਼ੀਟਰ ਬੁੱਕ ਵਿੱਚ ਲਿਖਿਆ ਕੇ ਹੁਣ ਸਮਾਂ ਆ ਗਿਆ ਹੈ ਕਿ ਬ੍ਰਿਟਿਸ਼ ਸਰਕਾਰ ਉਸ ਵੇਲੇ ਮਾਰੇ ਗਏ ਲੋਕਾਂ ਲਈ ਮੁਆਫੀ ਮੰਗੇ। ਉਨ੍ਹਾਂ ਉਸ ਵੇਲੇ ਸ਼ਹੀਦ ਹੋਏ ਲੋਕਾਂ ਨੂੰ ਇੱਕ ਵਾਰ ਫਿਰ ਤਹਿ ਦਿਲੋਂ ਸ਼ਰਧਾਂਜਲੀ ਭੇਟ ਕਰਨ ਦੀ ਗੱਲ ਵੀ ਲਿਖੀ। ਜ਼ਿਕਰਯੋਗ ਹੈ ਕਿ 13 ਅਪ੍ਰੈਲ, 1919 ਨੂੰ ਵਿਸਾਖੀ ਵਾਲੇ ਦਿਨ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਹਜ਼ਾਰਾਂ ਲੋਕਾਂ ਨੂੰ ਉਸ ਵੇਲੇ ਦੇ ਜਨਰਲ ਡਾਇਰ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਪਾਕਿਸਤਾਨੀ ਮੂਲ ਦੇ ਸਾਦਿਕ ਖ਼ਾਨ ਲੰਦਨ ਦੇ ਮੇਅਰ ਬਣਨ ਤੋਂ ਬਾਅਦ ਪਹਿਲੀ ਵਾਰ ਭਾਰਤ ਦੌਰੇ ‘ਤੇ ਆਏ ਹਨ। ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਵਿਖੇ ਆ ਕੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਤਾਂ ਭੇਟ ਕੀਤੀ ਹੀ ਹੈ ਪਰ ਉਸ ਵੇਲੇ ਹੋਏ ਖੂਨੀ ਸਾਕੇ ਬਾਰੇ ਸੋਚ ਕੇ ਦੁੱਖ ਵੀ ਲੱਗਾ ਹੈ। ਹਰਿਮੰਦਰ ਸਾਹਿਬ ਪੁੱਜੇ ਲੰਦਨ ਦੇ ਮੇਅਰ ਸਾਦਿਕ ਖ਼ਾਨ ਨੇ ਲੰਗਰ ਘਰ ਵਿਖੇ ਸੇਵਾ ਕੀਤੀ ਤੇ ਗੁਰੂ ਰਾਮ ਦਾਸ ਲੰਗਰ ਹਾਲ ਵਿਖੇ ਪੰਗਤ ਵਿੱਚ ਬੈਠ ਕੇ ਲੰਗਰ ਵੀ ਛਕਿਆ।

Be the first to comment

Leave a Reply