ਅੱਜ ਤੇਜ਼ ਰਫਤਾਰ ਰੇਲ ਲਾਈਨ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ

ਓਨਟਾਰੀਓ (ਸਾਂਝੀ ਸੋਚ ਬਿਊਰੋ ): ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੰਨ ਵੱਲੋਂ ਜਲਦ ਹੀ ਹਾਈ-ਸਪੀਡ ਰੇਲ ਪ੍ਰੋਜੈਕਟ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਰੇਲ ਪ੍ਰੋਜੈਕਟ ਟੋਰਾਂਟੋ ਨੂੰ ਵਿੰਡਸਰ ਨਾਲ ਜੋੜੇਗਾ। ਇਹ ਜਾਣਕਾਰੀ ਮੀਡੀਅਰ ਰਿਪੋਰਟਾਂ ਵਿੱਚ ਦਿੱਤੀ ਗਈ।
ਪ੍ਰੋਵਿੰਸ ਵੱਲੋਂ ਤੇਜ਼ ਰਫਤਾਰ ਵਾਲੀ ਇਸ ਰੇਲ ਲਾਈਨ ਲਈ ਲੋੜੀਂਦੇ ਡਿਜ਼ਾਈਨ ਤੇ ਹੋਰ ਲੋੜਾਂ ਦੀ ਜਾਂਚ ਲਈ ਤੇ ਪ੍ਰੋਜੈਕਟ ਸਬੰਧੀ ਵਾਤਾਵਰਣ ਦੇ ਵਿਸ਼ਲੇਸ਼ਣ ਉੱਤੇ 15 ਮਿਲੀਅਨ ਡਾਲਰ ਖਰਚੇ ਜਾਣ ਦੀ ਉਮੀਦ ਹੈ। ਇਸ ਯੋਜਨਾ ਤਹਿਤ ਇਹ ਲਾਈਨ ਟੋਰਾਂਟੋ ਨੂੰ ਦੱਖਣਪੱਛਮੀ ਇਲਾਕਿਆਂ ਜਿਵੇਂ ਕਿ ਗਿਊਲੇਫ, ਕਿਚਨਰ-ਵਾਟਰਲੂ ਤੇ ਲੰਡਨ ਤੋਂ ਇਲਾਵਾ ਚਾਥਾਮ ਤੇ ਵਿੰਡਸਰ ਨਾਲ ਵੀ ਜੋੜੇਗਾ।
ਵਿੰਨ ਇਸ ਸਬੰਧੀ ਸ਼ੁੱਕਰਵਾਰ ਨੂੰ ਲੰਡਨ ਵਿੱਚ ਐਲਾਨ ਕਰੇਗੀ। ਇੱਥੇ ਦੱਸਣਾ ਬਣਦਾ ਹੈ ਕਿ ਲਾਈਨ ਸਬੰਧੀ ਰਿਪੋਰਟ ਵੀ ਉਦੋਂ ਤੱਕ ਆ ਜਾਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਦੇ ਪ੍ਰੋਜੈਕਟ ਦੀ ਸੰਭਾਵਨਾ ਲੰਮੇ ਸਮੇਂ ਤੋਂ ਵਿਚਾਰੀ ਜਾ ਰਹੀ ਸੀ। 2008 ਵਿੱਚ ਓਨਟਾਰੀਓ ਦੇ ਪ੍ਰੀਮੀਅਰ ਡਾਲਟਨ ਮੈਗਿੰਟੀ ਤੇ ਕਿਊਬਿਕ ਦੇ ਪ੍ਰੀਮੀਅਰ ਜੀਨ ਚਾਰੈਸਟ ਨੇ ਕਿਊਬਿਕ ਤੋਂ ਵਿੰਡਸਰ ਤੱਕ ਰੇਲ ਲਾਈਨ ਸ਼ੁਰੂ ਕਰਨ ਦੀ ਸੰਭਾਵਨਾ ਦਾ ਸਾਂਝੇ ਤੌਰ ਉੱਤੇ ਅਧਿਐਨ ਸੁ਼ਰੂ ਕੀਤਾ ਸੀ।
ਉਸ ਸਮੇਂ ਮੈਗਿੰਟੀ ਨੇ ਇਹ ਆਖਿਆ ਸੀ ਕਿ ਇਸ ਬਾਰੇ ਗੱਲਬਾਤ ਕਾਫੀ ਸਮੇਂ ਤੋਂ ਚੱਲ ਰਹੀ ਸੀ। 2014 ਦੀਆਂ ਚੋਣਾਂ ਤੋਂ ਪਹਿਲਾਂ ਤਤਕਾਲੀ ਟਰਾਂਸਪੋਰਟੇਸ਼ਨ ਮੰਤਰੀ ਗਲੈਨ ਮੁਰੇ ਨੇ ਟੋਰਾਂਟੋ-ਕਿਚਨਰ-ਲੰਡਨ ਹਾਈ ਸਪੀਡ ਰੇਲ ਲਾਈਨ ਨੂੰ ਵੀ ਸਰਕਾਰ ਦੀ ਅਗਲੇ ਦਹਾਕੇ ਟਰਾਂਸਪੋਰਟੇਸ਼ਨ ਵਾਅਦਿਆਂ ਦੀ ਸੂਚੀ ਵਿੱਚ ਸ਼ਾਮਲ ਕਰਵਾ ਦਿੱਤਾ। ਜਿ਼ਕਰਯੋਗ ਹੈ ਕਿ ਇਸ ਸਬੰਧੀ ਰਿਪੋਰਟ ਸ਼ੁੱਕਰਵਾਰ ਨੂੰ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ ਤੇ ਇਸ ਦੀ ਅਗਵਾਈ ਸਾਬਕਾ ਫੈਡਰਲ ਟਰਾਂਸਪੋਰਟ ਮੰਤਰੀ ਡੇਵਿਡ ਕੌਲੈਨੇਟੇ ਕਰਨਗੇ। ਇੱਕ ਅੰਦਾਜ਼ੇ ਮੁਤਾਬਕ 2041 ਤੱਕ ਇਸ ਦੇ ਸਾਲਾਨਾ 10 ਮਿਲੀਅਨ ਰਾਈਡਰ ਹੋਣਗੇ।

Be the first to comment

Leave a Reply