ਅੱਤਵਾਦੀ ਸੰਗਠਨਾਂ ‘ਤੇ ਨਕੇਲ ਕੱਸਣ ‘ਚ ਅਸਫਲ ਰਹੇ ਪਾਕਿਸਤਾਨ ‘ਤੇ ਅਮਰੀਕਾ ਦੇ ਟਰੰਪ

ਵਾਸ਼ਿੰਗਟਨ — ਅੱਤਵਾਦੀ ਸੰਗਠਨਾਂ ‘ਤੇ ਨਕੇਲ ਕੱਸਣ ‘ਚ ਅਸਫਲ ਰਹੇ ਪਾਕਿਸਤਾਨ ‘ਤੇ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦੀ ਸਖਤੀ ‘ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਇਸ ਸਾਲ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਅਮਰੀਕੀ ਸੁਰੱਖਿਆ ਸਹਿਯੋਗ ਮੁਅੱਤਲ ਕਰਨ ਦਾ ਫੈਸਲਾ ਲਿਆ ਸੀ ਅਤੇ ਹੁਣ ਇਸ ਦੇ ਤਹਿਤ ਕਦਮ ਵੀ ਚੁੱਕੇ ਜਾਣ ਲੱਗੇ ਹਨ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨੀ ਫੌਜੀ ਅਧਿਕਾਰੀਆਂ ਨੂੰ ਦਿੱਤੇ ਜਾਣ ਵਾਲੀ ਸਿਖਲਾਈ ਅਤੇ ਅਕਾਦਮਿਕ ਪ੍ਰੋਗਰਾਮਾਂ ‘ਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਕ ਪਾਸੇ ਜਿੱਥੇ ਪਾਕਿਸਤਾਨ ਖਿਲਾਫ ਅੰਤਰਰਾਸ਼ਟਰੀ ਭਾਈਚਾਰੇ ‘ਤੇ ਭਾਰਤ ਦਾ ਵੱਧਦਾ ਦਬਾਅ ਵੀ ਅਸਰ ਦਿਖਾਉਣ ਲੱਗਾ ਹੈ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫੌਜੀ ਸਿਖਲਾਈ ਅਤੇ ਅਕਾਦਮਿਕ ਪ੍ਰੋਗਰਾਮ ਕਰੀਬ ਇਕ ਦਹਾਕੇ ਤੋਂ ਦੋ-ਪੱਖੀ ਫੌਜੀ ਸੰਬੰਧਾਂ ਦੇ ਪ੍ਰਤੀਕ ਰਹੇ ਹਨ। ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ‘ਤੇ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਨਕਾਰਾਤਮਕ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ ਹਨ। ਹਾਲਾਂਕਿ ਪੇਂਟਾਗਨ ਜਾਂ ਪਾਕਿਸਤਾਨੀ ਫੌਜ ਵੱਲੋਂ ਅਜੇ ਤੱਕ ਕੋਈ ਅਧਿਕਾਰਕ ਟਿੱਪਣੀ ਨਹੀਂ ਆਈ ਹੈ।
ਰਿਪੋਰਟ ਮੁਤਾਬਕ ਅਮਰੀਕੀ ਅਧਿਕਾਰੀਆਂ ਨੇ ਪਛਾਣ ਲੁਕਾਉਣ ਦੀ ਸ਼ਰਤ ‘ਤੇ ਆਖਿਆ ਕਿ ਇਹ ਫੈਸਲਾ ਵਿਸ਼ਵਾਸ ਬਹਾਲੀ ਦੀ ਪ੍ਰਕਿਰਿਆ ਨੂੰ ਕਮਜ਼ੋਰ ਕਰੇਗਾ। ਉਥੇ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਕੁਝ ਜ਼ਿਆਦਾ ਹੀ ਸਖਤ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਆਖਿਆ ਕਿ ਇਸ ਕਾਰਨ ਉਨ੍ਹਾਂ ਦੀ ਫੌਜ ਲੀਡਰਸ਼ਿਪ ਟ੍ਰੇਨਿੰਗ ਲਈ ਚੀਨ ਜਾ ਰੂਸ ਵੱਲ ਵੱਧ ਸਕਦੀ ਹੈ। ਅਮਰੀਕੀ ਰੱਖਿਆ ਵਿਭਾਗ ਦੇ ਬੁਲਾਰੇ ਨੇ ਵੀ ਆਖਿਆ ਕਿ ਅਮਰੀਕੀ ਸਰਕਾਰ ਦੇ ਇੰਟਰਨੈਸ਼ਨਲ ਮਿਲਟਰੀ ਐਜੂਕੇਸ਼ਨ ਅਤੇ ਟ੍ਰੇਨਿੰਗ ਪ੍ਰੋਗਰਾਮ (ਆਈ. ਐੱਮ. ਈ. ਟੀ.) ਨਾਲ ਪਾਕਿਸਤਾਨ ਦਾ ਸਸਪੈਂਸ਼ਨ ਉਨ੍ਹਾਂ ਦੇ 66 ਅਧਿਕਾਰੀਆਂ ਨੂੰ ਮਿਲਣ ਵਾਲਾ ਮੌਕਾ ਖੋਹ ਲਿਆ ਜਾਵੇਗਾ। ਅਜਿਹੀ ਸਥਿਤੀ ‘ਚ ਪਾਕਿਸਤਾਨ ਦੇ 66 ਅਧਿਕਾਰੀਆਂ ਦੀ ਟ੍ਰੇਨਿੰਗ ਲਈ ਰੱਖੀ ਗਈ ਥਾਂ ਨੂੰ ਦੂਜੇ ਦੇਸ਼ ਦੇ ਅਧਿਕਾਰੀਆਂ ਨਾਲ ਭਰ ਲਿਆ ਜਾਵੇਗਾ ਜਾਂ ਖਾਲੀ ਹੀ ਰੱਖਿਆ ਜਾਵੇਗਾ।