ਅੱਤਵਾਦੀ ਹਮਲੇ ਵਿੱਚ ਮਾਰੀ ਗਈ ਕੈਨੇਡੀਅਨ ਮਹਿਲਾ ਦੀ ਪਛਾਣ ਕ੍ਰਿਸਟੀਨ ਆਰਕੀਬਾਲਡ ਵਜੋਂ ਕੀਤੀ ਗਈ

ਲੰਡਨ : ਲੰਡਨ ਵਿੱਚ ਸ਼ਨਿੱਚਰਵਾਰ ਨੂੰ ਹੋਏ ਅੱਤਵਾਦੀ ਹਮਲੇ ਵਿੱਚ ਮਾਰੀ ਗਈ ਕੈਨੇਡੀਅਨ ਮਹਿਲਾ ਦੀ ਪਛਾਣ ਕ੍ਰਿਸਟੀਨ ਆਰਕੀਬਾਲਡ ਵਜੋਂ ਕੀਤੀ ਗਈ ਹੈ। ਉਹ ਬ੍ਰਿਟਿਸ਼ ਕੋਲੰਬੀਆ ਤੋਂ ਸੀ। ਐਤਵਾਰ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਉਸ ਦੇ ਪਰਿਵਾਰ ਨੇ ਆਖਿਆ ਕਿ ਆਪਣੀ ਪਿਆਰੀ ਤੇ ਖੂਬਸੂਰਤ ਬੱਚੀ ਤੇ ਭੈਣ ਦੀ ਮੌਤ ਨੇ ਸਾਨੂੰ ਅੰਦਰ ਤੱਕ ਹਿਲਾ ਦਿੱਤਾ ਹੈ। ਉਹ ਬਹੁਤ ਹੀ ਨੇਕ, ਸਾਰਿਆਂ ਨੂੰ ਪਿਆਰ ਕਰਨ ਵਾਲੀ ਤੇ ਸਾਰਿਆਂ ਦਾ ਸਨਮਾਨ ਕਰਨ ਵਾਲੀ ਮਹਿਲਾ ਸੀ। ਕਾਸਲੈਗਰ, ਬੀਸੀ ਤੋਂ ਪਰਿਵਾਰ ਨੇ ਆਖਿਆ ਕਿ ਯੂਰਪ ਵਿੱਚ ਆਪਣੇ ਫਿਆਂਸੇ ਕੋਲ ਜਾਣ ਤੋਂ ਪਹਿਲਾਂ ਉਹ ਇੱਥੇ ਬੇਘਰੇ ਲੋਕਾਂ ਲਈ ਸ਼ੈਲਟਰ ਵਿੱਚ ਕੰਮ ਕਰਦੀ ਸੀ।
ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਉਸ ਨੂੰ ਇਸ ਅੱਤਵਾਦੀ ਹਮਲੇ ਦਾ ਚਿੱਤ ਚੇਤਾ ਵੀ ਨਹੀਂ ਸੀ। ਉਨ੍ਹਾਂ ਲਿਖਿਆ ਕਿ ਇਸ ਕਮਿਊਨਿਟੀ ਨੂੰ ਸਾਰਿਆਂ ਦੇ ਰਹਿਣ ਲਈ ਬਿਹਤਰ ਥਾਂ ਬਣਾ ਕੇ ਉਸ ਦਾ ਸਨਮਾਨ ਕੀਤਾ ਜਾਵੇ। ਉਨ੍ਹਾਂ ਲੋਕਾਂ ਤੋਂ ਅਪੀਲ ਕੀਤੀ ਕਿ ਹੋਮਲੈੱਸ ਸ਼ੈਲਟਰ ਵਿੱਚ ਜਾ ਕੇ ਥੋੜ੍ਹਾਂ ਸਮਾਂ ਕੰਮ ਕੀਤਾ ਜਾਵੇ ਤੇ ਉਨ੍ਹਾਂ ਬੇਸਹਾਰਿਆਂ ਲਈ ਦਾਨ ਆਦਿ ਦਿੱਤਾ ਜਾਵੇ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਜਾ ਕੇ ਇਹ ਦੱਸਿਓ ਕਿ ਕ੍ਰਿਸੀ ਨੇ ਤੁਹਾਨੂੰ ਭੇਜਿਆ ਹੈ।
ਐਤਵਾਰ ਨੂੰ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਅੱਤਵਾਦੀ ਹਮਲੇ ਵਿੱਚ ਕੈਨੇਡੀਅਨ ਨਾਗਰਿਕ ਦੀ ਮੌਤ ਹੋਈ ਹੈ। ਬਿਆਨ ਵਿੱਚ ਟਰੂਡੋ ਨੇ ਇਹ ਵੀ ਆਖਿਆ ਸੀ ਕਿ ਬੀਤੀ ਰਾਤ ਲੰਡਨ ਵਿੱਚ ਹੋਏ ਹਮਲੇ ਦੀ ਕੈਨੇਡਾ ਨਿਖੇਧੀ ਕਰਦਾ ਹੈ। ਉਨ੍ਹਾਂ ਆਖਿਆ ਕਿ ਮਰਨ ਵਾਲਿਆਂ ਵਿੱਚ ਕੈਨੇਡੀਅਨ ਵੀ ਸੀ ਇਸ ਦਾ ਉਨ੍ਹਾਂ ਨੂੰ ਹੋਰ ਜਿ਼ਆਦਾ ਦੁਖ ਹੈ। ਹਮਲਾ ਸਥਾਨਕ ਸਮੇਂ ਅਨੁਸਾਰ ਰਾਤੀਂ 10:00 ਵਜੇ ਉਦੋਂ ਹੋਇਆ ਜਦੋਂ ਲੰਡਨ ਬ੍ਰਿੱਜ ਉੱਤੇ ਇੱਕ ਵੈਨ ਰਾਹਗੀਰਾਂ ਉੱਤੇ ਜਾ ਚੜ੍ਹੀ। ਫਿਰ ਤਿੰਨ ਮਸ਼ਕੂਕ ਮੌਕੇ ਤੋਂ ਫਰਾਰ ਹੋ ਗਏ ਤੇ ਉਨ੍ਹਾਂ ਨੇੜਲੀ ਬੌਰੋ ਮਾਰਕਿਟ ਵਿੱਚ ਵੱਡੇ ਵੱਡੇ ਚਾਕੂਆਂ ਨਾਲ ਲੋਕਾਂ ਉੱਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ। ਇਹ ਇਲਾਕਾ ਰੈਸਟੋਰੈਂਟਜ਼ ਤੇ ਬਾਰਜ਼ ਨਾਲ ਭਰਿਆ ਪਿਆ ਹੈ। ਕੁੱਝ ਮਿੰਟਾਂ ਵਿੱਚ ਹੀ ਤਿੰਨਾਂ ਹਮਲਾਵਰਾਂ ਨੂੰ ਪੁਲਿਸ ਨੇ ਗੋਲੀ ਮਾਰ ਕੇ ਮਾਰ ਦਿੱਤਾ। ਇਸ ਹਮਲੇ ਵਿੱਚ ਕੁੱਲ 7 ਵਿਅਕਤੀ ਮਾਰੇ ਗਏ ਜਦਕਿ 48 ਜ਼ਖ਼ਮੀ ਹੋ ਗਏ।

Be the first to comment

Leave a Reply