ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਸਥਾਨਕ ਮੈਕਸੀਮਮ ਸਕਿਓਰਿਟੀ ਜੇਲ ਵਿਚ ਬੀ. ਐੈੱਸ. ਐੈੱਫ. ਤੇ ਸੀ. ਆਰ. ਪੀ. ਐੈੱਫ. ਜਵਾਨ ਤਾਇਨਾਤ

ਨਾਭਾ – ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਸਥਾਨਕ ਮੈਕਸੀਮਮ ਸਕਿਓਰਿਟੀ ਜੇਲ ਵਿਚ ਬੀ. ਐੈੱਸ. ਐੈੱਫ. ਤੇ ਸੀ. ਆਰ. ਪੀ. ਐੈੱਫ. ਜਵਾਨ ਤਾਇਨਾਤ ਹੁੰਦੇ ਸਨ। ਲਗਭਗ 26 ਸਾਲ ਪਹਿਲਾਂ ਜੇਲ ਬ੍ਰੇਕ ਕਰਨ ਦਾ ਯਤਨ ਕਰਦਿਆਂ 2 ਅੱਤਵਾਦੀਆਂ ਨੂੰ ਬੀ. ਐੈੱਸ. ਐੈੱਫ. ਨੇ ਮਾਰ ਦਿੱਤਾ ਸੀ।  ਇਹ ਜੇਲ ਹਮੇਸ਼ਾ ਹੀ ਖੁਫੀਆ ਏਜੰਸੀਆਂ ਦੀ ਕਥਿਤ ਨਾਲਾਇਕੀ ਕਾਰਨ ਵਿਵਾਦਾਂ ਵਿਚ ਘਿਰੀ ਰਹੀ। ਜੇਲ ਵਿਚ ਹੁੰਦੀਆਂ ਇੰਟਰਨੈੱਟ ਸਰਗਰਮੀਆਂ ਨੂੰ ਸਰਕਾਰ ਨੇ ਕਦੇ ਗੰਭੀਰਤਾ ਨਾਲ ਨਹੀਂ ਲਿਆ। ਪਹਿਲੀ ਵਾਰ ਇਸ ਜੇਲ ਵਿਚੋਂ ਮੋਬਾਇਲ ਫੋਨ, ਸਿਮ ਕਾਰਡ ਤੇ ਬੈਟਰੀ ਉਸ ਸਮੇਂ ਦੇ ਡਿਪਟੀ ਜੇਲਰ ਜੰਗੀਰ ਸਿੰਘ ਨੇ ਖਤਰਨਾਕ ਅੱਤਵਾਦੀ ਦਯਾ ਸਿੰਘ ਲਾਹੌਰੀਆ ਤੋਂ 21 ਸਤੰਬਰ 2006 ਨੂੰ ਬਰਾਮਦ ਕੀਤੇ ਸਨ। ਲਾਹੌਰੀਆ ਖਿਲਾਫ ਕੇਂਦਰੀ ਕੈਬਨਿਟ ਮੰਤਰੀ ਮਿਰਧਾ ਦੇ ਭਤੀਜੇ ਨੂੰ ਅਗਵਾ ਕਰਨ ਅਤੇ ਐਂਟੀ-ਟੈਰਾਰਿਸਟ ਫਰੰਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ‘ਤੇ ਕਾਤਲਾਨਾ ਹਮਲੇ ਦੀ ਸਾਜ਼ਿਸ਼ ਸਮੇਤ ਇੱਕ ਦਰਜਨ ਮੁਕੱਦਮੇ ਦਰਜ ਸਨ। ਉਸ ਨੂੰ ਜੈਪੁਰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਲਾਹੌਰੀਆ ਇਸ ਜੇਲ ਵਿਚ 2 ਸਾਲ ਬੰਦ ਰਿਹਾ।  ਉਸ ਸਮੇਂ ਕੇਂਦਰੀ ਗ੍ਰਹਿ ਮੰਤਰਾਲੇ ਤੇ ਪੰਜਾਬ ਸਰਕਾਰ ਨੇ ਇਸ ਮਾਮਲੇ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਜਿਸ ਕਾਰਨ ਮੋਬਾਇਲਾਂ ਦੀ ਧੜੱਲੇ ਨਾਲ ਵਰਤੋਂ ਹੋਣ ਲੱਗੀ। ਜੇਲ ਵਿਚ ਲੱਗੇ ਜੈਮਰ ਦੇ ਬਾਵਜੂਦ ਵੀ ਮੋਬਾਇਲ ਬਰਾਮਦ ਹੁੰਦੇ ਰਹੇ ਹਨ।  ਸੀਨੀਅਰ ਆਈ. ਪੀ. ਐੈੱਸ. ਅਫਸਰ ਨਿਰਲਾਭ ਕਿਸ਼ੋਰ ਦੀ ਅਗਵਾਈ ਹੇਠ 3 ਨਵੰਬਰ 2006 ਨੂੰ 100 ਤੋਂ ਵੱਧ ਕਮਾਂਡੋਜ਼ ਨੇ ਛਾਪਾਮਾਰੀ ਕਰ ਕੇ ਵੱਡੀ ਗਿਣਤੀ ਵਿਚ ਮੋਬਾਇਲ ਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਤਿੰਨ ਹਵਾਲਾਤੀਆਂ ਖਿਲਾਫ ਮਾਮਲੇ ਵੀ ਦਰਜ ਹੋਏ। ਫਿਰ 2200 ਪੁਲਸ ਜਵਾਨਾਂ ਨੇ 2 ਦਿਨ ਚੈਕਿੰਗ ਕੀਤੀ ਤਾਂ 14 ਮੋਬਾਇਲ, 6 ਬੈਟਰੀਆਂ, 12 ਸਿਮ ਕਾਰਡ, ਸੁਲਫਾ-ਅਫੀਮ ਤੇ 58 ਹਜ਼ਾਰ ਦੀ ਨਕਦੀ ਬਰਾਮਦ ਹੋਈ।  ਪਾਕਿਸਤਾਨੀ ਜਸੁਸ ਸਈਦ ਇਕਬਾਲ ਇਸ ਜੇਲ ਵਿਚ ਚਰਚਾ ਦਾ ਕੇਂਦਰ ਬਣਿਆ ਰਿਹਾ। ਜੰਮੂ-ਕਸ਼ਮੀਰ ਦੀ ਖਤਰਨਾਕ ਮਹਿਲਾ ਅੱਤਵਾਦੀ ਰੌਸ਼ਨੀ ਇੱਥੇ ਕਈ ਸਾਲ ਬੰਦ ਰਹੀ।  ਪਿਛਲੇ ਸਾਢੇ 10 ਸਾਲਾਂ ਦੌਰਾਨ 340 ਤੋਂ ਵੱਧ ਮੋਬਾਇਲ ਬਰਾਮਦ ਹੋਏ। ਡੇਢ ਸਾਲ ਪਹਿਲਾਂ 2 ਖੂਨੀ ਕਾਂਡ ਵਾਪਰੇ, ਜਿਸ ਕਾਰਨ ਲਾਰੈਂਸ ਬਿਸ਼ਨੋਈ ਤੇ ਟਾਈਗਰ ਸਮੇਤ 9 ਕੈਦੀਆਂ ਅਤੇ 12 ਹਵਾਲਾਤੀਆਂ ਖਿਲਾਫ ਮਾਮਲੇ ਦਰਜ ਹੋਏ। ਫਿਰ 29 ਮਾਰਚ 2016 ਨੂੰ ਹਵਾਲਾਤੀ ਪਲਵਿੰਦਰ ਪਿੰਦਾ ਨੂੰ ਹੱਥਕੜੀਆਂ ਸਮੇਤ ਫਾਇਰਿੰਗ ਕਰ ਕੇ ਸਾਥੀ ਛੁਡਾ ਕੇ ਲੈ ਗਏ। ਪਿਛਲੇ ਸਾਲ 27 ਨਵੰਬਰ ਦੀ ਜੇਲ ਬ੍ਰੇਕ ਦੇ ਇਕ ਗੈਂਗਸਟਰ ਵਿੱਕੀ ਤੇ ਇਕ ਹਵਾਲਾਤੀ ਅੱਤਵਾਦੀ ਅਜੇ ਵੀ ਪੁਲਸ ਦੀ ਪਕੜ ਤੋਂ ਬਾਹਰ ਹਨ। ਸਰਕਾਰ ਨੇ ਹੁਣ ਵੀ ਕਮਾਂਡੋਜ਼ ਤੇ ਪੈਰਾ-ਮਿਲਟਰੀ ਫੋਰਸ ਤਾਇਨਾਤ ਨਹੀਂ ਕੀਤੀ, ਹਾਲਾਂਕਿ 18 ਅੱਤਵਾਦੀ ਇਸ ਜੇਲ ਵਿਚ ਹੁਣ ਵੀ ਬੰਦ ਹਨ।

Be the first to comment

Leave a Reply