ਆਦਿੱਤਿਆ ਨਾਰਾਇਣ ਨੇ ਆਪਣੀ ਮਰਸਡੀਜ਼ ਕਾਰ ਤੋਂ ਇਕ ਆਟੋ ਰਿਕਸ਼ਾ ਨੂੰ ਟੱਕਰ ਮਾਰੀ

ਮੁੰਬਈ  — ਬਾਲੀਵੁੱਡ ਦੇ ਦਿੱਗਜ ਤੇ ਟਾਪ ਸਿੰਗਰ ਉਦਿਤ ਨਾਰਾਇਣ ਦੇ ਬੇਟੇ ਆਦਿੱਤਿਆ ਨਾਰਾਇਣ ਅਕਸਰ ਆਪਣੀਆਂ ਹਰਕਤਾਂ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ। ਸੋਮਵਾਰ ਨੂੰ ਆਦਿੱਤਿਆ ਨੇ ਅੰਧੇਰੀ ਵੈਸਟ ‘ਚ ਆਪਣੀ ਮਰਸਡੀਜ਼ ਕਾਰ ਤੋਂ ਇਕ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਮੁੰਬਈ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਹੁਣ ਇਸ ਮਾਮਲੇ ‘ਚ ਆਦਿੱਤਿਆ ਨਾਰਾਇਣ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਆਦਿੱਤਿਆ ਨੇ ਇਸ ਘਟਨਾ ਲਈ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ ਕਿਹਾ ਹੈ ਕਿ, ਜੋ ਹੋਇਆ ਉਹ ਬਦਕਿਸਮਤੀ ਸੀ, ਜਿਸ ਦਾ ਉਨ੍ਹਾਂ ਨੂੰ ਅਫਸੋਸ ਹੈ। ਆਦਿੱਤਿਆ ਨੇ ਦੱਸਿਆ ਕਿ ਉਹ ਸਾਢੇ 12 ਵਜੇ ਓਸ਼ੀਵਾਰਾ ‘ਚ ਆਪਣੇ ਘਰ ਤੋਂ ਅੰਧੇਰੀ ਲਈ ਮਰਸਡੀਜ਼ ‘ਚ ਨਿਕਲੇ ਸਨ। ਲੋਖੰਡਵਾਲਾ ਤੋਂ ਉਨ੍ਹਾਂ ਵੱਲ ਤੇਜ਼ੀ ਨਾਲ ਇਕ ਆਟੋ ਆ ਰਿਹਾ ਸੀ। ਆਦਿੱਤਿਆ ਨੇ ਕਿਹਾ, ”ਮੈਨੂੰ ਲੱਗਾ ਕਿ ਉਹ ਹੌਲੀ ਹੋ ਜਾਵੇਗਾ ਪਰ ਉਸ ਨੇ ਸਪੀਡ ਘੱਟ ਨਹੀਂ ਕੀਤੀ ਬਲਕਿ ਸੱਜੇ ਪਾਸੇ ਮੁੜ ਗਿਆ। ਉਸ ਨੂੰ ਬਚਾਉਣ ਲਈ ਮੈਂ ਗੱਡੀ ਖੱਬੇ ਪਾਸੇ ਮੋੜ ਦਿੱਤੀ, ਜਿਸ ਨਾਲ ਇਕ ਦੂਜੇ ਆਟੋ ਨੂੰ ਟੱਕਰ ਲੱਗ ਗਈ।” ਆਦਿੱਤਿਆ ਨੇ ਜ਼ਖਮੀਆਂ ਦੇ ਇਲਾਜ ਦਾ ਖਰਚ ਚੁੱਕਣ ਦਾ ਵੀ ਫੈਸਲਾ ਕੀਤਾ ਹੈ।