ਆਧੁਨਿਕ ਤਕਨੀਕਾਂ ਨਾਲ ਲੈਸ ਬੱਸ ਕੋਡ ਤਹਿਤ ਬਣੀਆਂ 100 ਬੱਸਾਂ ਹੋਣਗੀਆਂ ਸ਼ਾਮਲ

ਪਟਿਆਲਾ – ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ ਕੇ ਸ਼ਰਮਾ ਨੇ ਦਸਿਆ ਕਿ ਪੀ.ਆਰ.ਟੀ.ਸੀ ਬੇੜੇ ‘ਚ ਜਲਦ ਹੀ ਆਧੁਨਿਕ ਤਕਨੀਕਾਂ ਨਾਲ ਲੈਸ ਬੱਸ ਕੋਡ ਤਹਿਤ ਬਣੀਆਂ 100 ਬੱਸਾਂ ਸ਼ਾਮਲ ਹੋਣਗੀਆਂ। 100 ਬੱਸਾਂ ਵਿੱਚੋਂ 25 ਬੱਸਾਂ ਬਣਕੇ ਤਿਆਰ ਹੋ ਚੁੱਕੀਆਂ ਹਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲਦ ਹੀ ਸੜਕਾਂ ‘ਤੇ ਰਵਾਨਾ ਕਰਨ ਲਈ ਹਰੀ ਝੰਡੀ ਦਿੱਤੀ ਜਾਵੇਗੀ। ਸ਼ਰਮਾ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਮੈਨੇਜਮੈਂਟ ਦੀ ਮਿਹਨਤ ਅਤੇ ਟੀਮ ਵਰਕ ਸਦਕਾ ਪੀਆਰਟੀਸੀ ਤਰੱਕੀ ਦੇ ਰਾਹ ‘ਤੇ ਚਲਦਿਆਂ ਹੋਇਆ ਇਸ ਸਾਲ 2017-18 ਦੌਰਾਨ ਹੁਣ ਤੱਕ 150 ਬੱਸਾਂ ਕਿਲੋਮੀਟਰ ਸਕੀਮ ਤਹਿਤ ਆਪਣੇ ਬੇੜੇ ਵਿੱਚ ਸ਼ਾਮਿਲ ਕਰ ਚੁੱਕੀ ਹੈ ਅਤੇ ਹੁਣ ਆਧੁਨਿਕ ਤਕਨੀਕਾਂ ਨਾਲ ਲੈਸ ਬੱਸ ਕੋਡ ਤਹਿਤ ਬਣੀਆਂ 100 ਬੱਸਾਂ ਹੋਰ ਤਿਆਰ ਕਰਵਾਈਆਂ ਜਾ ਰਹੀਆਂ ਹਨ, ਜੋ ਕਿ ਜੀ.ਪੀ.ਐਸ, ਸੀ.ਸੀ.ਟੀ.ਵੀ ਕੈਮਰਾ, ਪਬਲਿਕ ਇਨਫਰਮੇਸ਼ਨ ਸਿਸਟਮ ਅਤੇ ਫਿਊਲ ਮੋਨੀਟਰਿੰਗ ਸਿਸਟਮ ਨਾਲ ਲੈਸ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ਇਹਨਾਂ ਬੱਸਾਂ ਦੀ ਬਣਤਰ ਇਕ ਨਵੀਂ ਦਿੱਖ ਪ੍ਰਦਾਨ ਕਰ ਰਹੀ ਹੈ ਅਤੇ ਉਮੀਦ ਹੈ ਕਿ ਇਹ ਬੱਸਾਂ ਆਮ ਲੋਕਾਂ ਨੂੰ ਆਕਰਸ਼ਿਤ ਕਰਨਗੀਆਂ। ਇਨਾਂ ਬੱਸਾਂ ਵਿੱਚ ਲਗਜ਼ਰੀ ਬੱਸ ਵਰਗੀਆਂ ਸਹੂਲਤਾਂ ਮਿਲਣਗੀਆਂ ਪਰੰਤੂ ਕਿਰਾਇਆ ਆਮ ਬੱਸਾਂ ਵਾਲਾ ਹੋਵੇਗਾ ਤੇ ਇਹਨਾਂ ਬੱਸਾਂ ਦੀ ਆਮਦ ਨਾਲ ਪੀ.ਆਰ.ਟੀ.ਸੀ. ਦੀਆਂ ਆਪਣੀਆਂ ਬੱਸਾਂ ਦਾ ਫਲੀਟ ਪੂਰਾ ਹੋ ਜਾਵੇਗਾ ਉਥੇ ਨਾਲ ਹੀ ਰੋਜ਼ਾਨਾ 3.57 ਲੱਖ ਕਿਲੋਮੀਟਰ ਸਫ਼ਰ ਪੂਰਾ ਕਰਨਗੀਆਂ। ਐਮ.ਡੀ. ਸ. ਨਾਰੰਗ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਨੇ ਸਾਰੇ ਬੰਦ ਪਏ ਰੂਟਾਂ ‘ਤੇ ਆਪਣੀਆਂ ਬੱਸਾਂ ਚਲਾ ਦਿੱਤੀਆਂ ਹਨ, ਜਿਸ ਨਾਲ ਪੀਆਰਟੀਸੀ ਦੀ ਰੋਜ਼ਾਨਾ ਆਮਦਨ ਜੋ ਕਿ ਪਹਿਲਾਂ 106 ਲੱਖ ਰੁਪਏ ਸੀ ਜੋ ਕਿ 17 ਲੱਖ ਰੁਪਏ ਪ੍ਰਤੀ ਦਿਨ ਵਧਕੇ 123 ਲੱਖ ਰੁਪਏ ਪ੍ਰਤੀ ਦਿਨ ਹੋ ਚੁੱਕੀ ਹੈ।

Be the first to comment

Leave a Reply