ਆਪਸੀ ਮਤਭੇਦਾਂ ਨੂੰ ਮਿਲ ਕੇ ਦੂਰ ਕਰਨਗੇ ਭਾਰਤ ਤੇ ਚੀਨ

ਬੀਜਿੰਗ – ਦ ਸੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਸ਼ਿਖਰ ਸੰਮੇਲਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਦੀ ਦੋ ਪੱਖੀ ਗੱਲਬਾਤ ਤੋਂ ਪਹਿਲਾਂ ਚੀਨ ‘ਚ ਭਾਰਤ ਦੇ ਰਾਜਦੂਤ ਗੌਤਮ ਬੰਬਾਵਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਇਕੱਠੇ ਤਰੱਕੀ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਭਾਰਤ ਅਤੇ ਚੀਨ ਆਪਣੇ ਮਤਭੇਦਾਂ ਨੂੰ ਦੂਰ ਕਰਨ ਦੀ ਦਿਸ਼ਾ ‘ਚ ਕੰਮ ਕਰਨਗੇ। ਇਸ ਹਫਤੇ ਹੋਣ ਜਾ ਰਹੀ ਮੋਦੀ ਅਤੇ ਚਿਨਫਿੰਗ ਦੀ ਮੁਲਾਕਾਤ 2 ਮਹੀਨਿਆਂ ਤੋਂ ਵੀ ਘੱਟ ਸਮੇਂ ‘ਚ ਉਨ੍ਹਾਂ ਦੀ ਦੂਜੀ ਮੁਲਾਕਾਤ ਹੋਵੇਗੀ। ਚੀਨ ਦੇ ਸਰਕਾਰੀ ਚੈਨਲ ਸੀ. ਸੀ. ਟੀ. ਵੀ. ਨੂੰ ਦਿੱਤੇ ਗਏ ਇਕ ਇੰਟਰਵਿਊ ‘ਚ ਗੌਤਮ ਨੇ ਕਿਹਾ ਕਿ ਯਕੀਨੀ ਤੌਰ ‘ਤੇ ਸਾਡੇ ਵਿਚਾਲੇ ਕੁੱਝ ਮਤਭੇਦ ਹਨ ਪਰ ਅਸੀਂ ਮਤਭੇਦਾਂ ਨੂੰ ਦੂਰ ਕਰਨ ਲਈ ਕੰਮ ਕਰਾਂਗੇ ਤਾਂ ਜੋਂ ਯਕੀਨੀ ਕੀਤਾ ਜਾ ਸਕੇ ਕਿ ਦੋਵੇਂ ਦੇਸ਼ ਇਕੱਠੇ ਤਰੱਕੀ ਕਰਨ। ਵੁਹਾਨ ‘ਚ ਉਨ੍ਹਾਂ ਦੀ ਚਰਚਾ ਦੇ ਨਤੀਜੇ ਸਵਰੂਪ ਦੋਵੇਂ ਆਗੂਆਂ ਦੇ ਕੁੱਝ ਕੰਮ ਆਮ ਸਹਿਮਤੀਆਂ ‘ਤੇ ਪਹੁੰਚੇ ਹਨ। ਪਹਿਲੀ ਅਤੇ ਸਭ ਤੋਂ ਅਹਿਮ ਸਹਿਮਤੀ ਤਾਂ ਇਹ ਹੈ ਕਿ ਭਾਰਤ-ਚੀਨ ਤਰੱਕੀ ਅਤੇ ਆਰਥਿਕ ਵਿਕਾਸ ‘ਚ ਸਾਂਝੇਦਾਰ ਹੈ। ਦੂਜੀ ਸਹਿਮਤੀ ਇਹ ਬਣੀ ਕਿ ਭਾਰਤ ਅਤੇ ਚੀਨ ਵਿਚਾਲੇ ਮਤਭੇਦਾਂ ਤੋਂ ਕਿਤੇ ਜ਼ਿਆਦਾ ਸਮਾਨਤਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਮਾਨਤਾਵਾਂ ‘ਤੇ ਉਹ ਮਿਲ ਕੇ ਕੰਮ ਕਰਨਗੇ। ਚੀਨ ‘ਚ ਭਾਰਤੀ ਫਿਲਮਾਂ ਦੀ ਕਾਮਯਾਬੀ ਅਤੇ ਲੋਕਾਂ ਵਿਚਾਲੇ ਸੰਪਰਕ ਨੂੰ ਵਧਾਵਾ ਦੇਣ ਦੇ ਮੁੱਦੇ ‘ਤੇ ਗੌਤਮ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਲੋਕਾਂ ਦਾ ਸੰਪਰਕ ਜ਼ਿਆਦਾ ਹੋਣਾ ਚਾਹੀਦਾ ਹੈ, ਜਿਸ ਦਾ ਇਕ ਤਰੀਕਾ ਫਿਲਮਾਂ ਹਨ।