ਆਪ੍ਰੇਟਰਾਂ ਨੇ ਰਾਮਪੁਰਾ ਫੂਲ ਵਿਖੇ ਫਿਰ ਇੱਕ ਟਰੱਕ ਸਾੜ ਕੇ ਆਪਣਾ ਵਿਰੋਧ ਜਾਰੀ ਰੱਖਣ ਦਾ ਐਲਾਨ

ਪਟਿਆਲਾ/ਰਾਮਪੁਰਾਫੂਲ  – ਆਲ ਪੰਜਾਬ ਟਰੱਕ ਆਪ੍ਰੇਟਰ ਯੂਨੀਅਨ ਦੇ ਬੈਨਰ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ 134 ਟਰੱਕ ਯੂਨੀਅਨਾਂ ਭੰਗ ਕਰਨ ਦਾ ਵਿਰੋਧ ਕਰ ਰਹੇ ਟਰੱਕ ਆਪ੍ਰੇਟਰਾਂ ਨੇ ਸੂਬਾ ਪ੍ਰਧਾਨ ਹੈਪੀ ਸੰਧੂ ਦੀਆਂ ਹਦਾਇਤਾਂ ਅਨੁਸਾਰ ਸੂਬੇ ਭਰ ਵਿਚ ਜ਼ਿਲਾ ਹੈੱਡ-ਕੁਆਰਟਰਾਂ ‘ਤੇ ਜ਼ੋਰਦਾਰ ਰੋਸ ਵਿਖਾਵੇ ਕੀਤੇ। ਸਰਕਾਰ ਵੱਲੋਂ ਯੂਨੀਅਨਾਂ ਭੰਗ ਕਰਨ ਦੇ ਕੀਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਫੈਸਲੇ ਦਾ ਵਿਰੋਧ ਕੀਤਾ। ਮੰਦੇ ਭਾਗਾਂ ਨੂੰ ਅੱਜ ਆਪ੍ਰੇਟਰਾਂ ਨੇ ਰਾਮਪੁਰਾ ਫੂਲ ਵਿਖੇ ਫਿਰ ਇੱਕ ਟਰੱਕ ਸਾੜ ਕੇ ਆਪਣਾ ਵਿਰੋਧ ਜਾਰੀ ਰੱਖਣ ਦਾ ਐਲਾਨ ਕੀਤਾ। ਯਾਦ ਰਹੇ ਕਿ 2 ਦਿਨ ਪਹਿਲਾਂ ਇਨ੍ਹਾਂ ਵੱਲੋਂ ਨਕੋਦਰ ਵਿਖੇ ਇਕ ਟਰੱਕ ਸਾੜ ਕੇ ਫੈਸਲੇ ਦਾ ਵਿਰੋਧ ਕੀਤਾ ਗਿਆ ਸੀ।
ਸੂਬਾ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਸਰਕਾਰ ਨੇ ਟਰੱਕ ਆਪ੍ਰੇਟਰਾਂ ਨੂੰ ਕਿਸਾਨਾਂ ਵਾਂਗ ਖੁਦਕੁਸ਼ੀਆਂ ਦੇ ਰਾਹ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 2 ਆਪ੍ਰੇਟਰਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਚੁੱਕੀਆਂ ਹਨ। 2 ਹਾਰਟ ਅਟੈਕ ਦਾ ਸ਼ਿਕਾਰ ਹੋਏ ਹਨ। ਬਹੁਗਿਣਤੀ ਸਰਕਾਰ ਦੇ ਫੈਸਲੇ ਦਾ ਮਾਨਸਿਕ ਤਸ਼ੱਦਦ ਝੱਲ ਰਹੀ ਹੈ। ਉਨ੍ਹਾਂ ਕਿਹਾ ਕਿ ਟਰੱਕ ਆਪ੍ਰੇਟਰ ਸਰਕਾਰ ਦਾ ਫੈਸਲਾ ਕਿਸੇ ਕੀਮਤ ‘ਤੇ ਪ੍ਰਵਾਨ ਨਹੀਂ ਕਰਨਗੇ। ਇਹ ਵਿਰੋਧ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਫੈਸਲਾ ਨਾ ਬਦਲਿਆ ਤਾਂ ਫਿਰ ਕਿਸਾਨਾਂ ਵਾਂਗ ਪਤਾ ਨਹੀਂ ਕਿੰਨੇ ਆਪ੍ਰੇਟਰ ਇਸ ਰਾਹ ਪੈ ਜਾਣਗੇ। ਉਨ੍ਹਾਂ ਕਿਹਾ ਕਿ ਯੂਨੀਅਨਾਂ ਭੰਗ ਕਰਨ ਦੇ ਫੈਸਲੇ ਨਾਲੋਂ ਤਾਂ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਟਰੱਕ ਆਪ੍ਰੇਟਰਾਂ ਦਾ ਕਰਜ਼ਾ ਮੁਆਫੀ ਕਰਦੀ ਪਰ ਸਰਕਾਰ ਨੇ ਇਨ੍ਹਾਂ ਦੇ ਹਿਤਾਂ ਦੀ ਰਾਖੀ ਕਰਨ ਦੀ ਥਾਂ ਇਨ੍ਹਾਂ ਨੂੰ ਮੌਤ ਦੇ ਮੂੰਹ ਵਿਚ ਸੁੱਟਣ ਦਾ ਫੈਸਲਾ ਲੈ ਲਿਆ। ਇਸ ਦੌਰਾਨ ਪਟਿਆਲਾ ਵਿਚ ਇਥੇ ਸਥਾਨਕ ਪ੍ਰਧਾਨ ਹਰਵਿੰਦਰ ਸਿੰਘ ਨੀਟਾ ਦੀ ਅਗਵਾਈ ਹੇਠ ਇਥੇ ਮਿੰਨੀ ਸਕੱਤਰੇਤ ਦੇ ਸਾਹਮਣੇ ਯੂਨੀਅਨਾਂ ਭੰਗ ਕਰਨ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ। ਇਸ ਦੌਰਾਨ ਪ੍ਰੈੱਸ ਸਕੱਤਰ ਰਾਣਾ ਪੰਜੇਟਾ ਨੇ ਦੱਸਿਆ ਕਿ 8 ਅਗਸਤ ਨੂੰ ਟਰੱਕ ਆਪ੍ਰੇਟਰਾਂ ਵੱਲੋਂ ਜਲੰਧਰ ਵਿਚ ਵੱਡਾ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਵਿਚ ਪੰਜਾਬ ਭਰ ਦੇ ਆਪ੍ਰੇਟਰ ਸ਼ਾਮਲ ਹੋ ਕੇ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਨਗੇ।
ਇਸ ਮੌਕੇ ਰਵਿੰਦਰ ਸਿੰਘ ਧਾਲੀਵਾਲ, ਬਲਿਹਾਰ ਸਿੰਘ, ਜਸਬੀਰ ਸਿੰਘ ਉੱਪਲ, ਰਵਿੰਦਰ ਕੱਲ੍ਹਾ, ਚਰਨਜੀਤ ਸਿੰਘ ਢਿੱਲੋਂ, ਕਰਮਜੀਤ ਸਿੰਘ ਰਾਮਪੁਰਾ ਫੂਲ, ਸਿੰਮੀ ਪਾਸੀ, ਪ੍ਰਧਾਨ ਹਰਵਿੰਦਰ ਸਿੰਘ ਨੀਟਾ, ਪ੍ਰੈੱਸ ਸਕੱਤਰ ਰਾਣਾ ਪੰਜੇਟਾ, ਦਵਿੰਦਰਪਾਲ ਸਿੰਘ ਭੋਲਾ ਚੱਢਾ, ਭੋਲਾ ਵਾਲੀਆ ਨਿੱਕੂ ਵਾਲੀਆ, ਬੈਂਕੂ ਵਾਲੀਆ, ਸਿਕੰਦਰਪਾਲ ਰੰਧਾਵਾ, ਹਰਵਿੰਦਰ ਸਿੰਘ ਦਹੀਆ, ਤਰਲੋਚਨ ਸਿੰਘ ਤੋਚੀ, ਅਮਨ ਚੱਢਾ, ਜਸਨਜੋਤ ਚੱਢਾ, ਬਲਵਿੰਦਰ ਸਿੰਘ ਪੰਮੀ, ਨਿੱਕੂ ਬਰਾੜ, ਸੋਨੂੰ ਢਿੱਲੋਂ, ਮਿੰਟੂ ਕਾਹਲੋਂ, ਗੁਰਮੇਲ ਭਾਜੀ, ਅਮਨ ਗਿੱਲ, ਮੇਹਰ ਸਿੰਘ, ਮੇਜਰ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਵਾਲੀਆ, ਨੀਟੂ ਚੱਢਾ ਅਤੇ ਸੁਰਜੀਤ ਸਿੰਘ ਸਹੌਲੀ ਆਦਿ ਆਗੂ ਹਾਜ਼ਰ ਸਨ।

Be the first to comment

Leave a Reply