ਆਪ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੂੰ ਕੀਤਾ ਗ੍ਰਿਫਤਾਰ

ਚੰਡੀਗੜ  (ਸਾਂਝੀ ਸੋਚ ਬਿਊਰੋ)  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਲਈ ਸ਼ਾਂਤਮਈ ਢੰਗ ਨਾਲ ਮਾਰਚ ਕਰਦੇ ਹੋਏ ਜਾ ਰਹੇ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੂੰ ਪੁਲਿਸ ਨੇ ਵਿਧਾਨ ਸਭਾ ਦੇ ਗੇਟ ਉਤੇ ਹੀ ਗਿਰਫਤਾਰ ਕਰ ਲਿਆ। ਇਹ ਵਿਧਾਇਕ ਰੇਤੇ ਦੀਆਂ ਖੱਡਾਂ ਵਿਚ ਹੋਏ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਰਾਣਾ ਗੁਰਜੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਹੇ ਸਨ। ਆਮ ਆਦਮੀ ਪਾਰਟੀ ਦੇ ਵਿਧਾਇਕ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ, ਪਾਰਟੀ ਪ੍ਰਧਾਨ ਅਤੇ ਸੰਗਰੂਰ ਤੋਂ ਐਮਪੀ ਭਗਵੰਤ ਮਾਨ, ਸੀਨੀਅਰ ਆਗੂ ਅਤੇ ਐਮ.ਐਲ.ਏ. ਸੁਖਪਾਲ ਸਿੰਘ ਖਹਿਰਾ, ਪਾਰਟੀ ਦੇ ਸਹਿ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਵਿਚ ਰਾਣਾ ਗੁਰਜੀਤ ਦੇ ਖਿਲਾਫ ਨਾਅਰੇਬਾਜੀ ਕਰਦੇ ਰਹੇ।
ਗਿਰਫਤਾਰ ਕਰਨ ਤੋਂ ਬਾਅਦ ਵਿਧਾਇਕਾਂ ਨੂੰ ਸੈਕਟਰ 17 ਦੇ ਪੁਲਿਸ ਸਟੇਸ਼ਨ ਵਿਖੇ ਲਿਆਂਦਾ ਗਿਆ ਅਤੇ ਘੰਟਿਆਂ ਬੱਦੀ ਗਿਰਫਤਾਰੀ ਤੋਂ ਬਾਅਦ ਉਨਾਂ ਨੂੰ ਰਿਹਾ ਕੀਤਾ ਗਿਆ। ਥਾਣੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਵਲੋਂ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਤੋਂ ਇਨਕਾਰ ਕਰ ਦਿੱਤਾ। ਉਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੋਲ ਚੁਣੇ ਹੋਏ ਵਿਧਾਇਕਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ ਤਾਂ ਉਨਾਂ ਦੇ ਸਲਾਹਕਾਰ ਨੂੰ ਮੰਗ ਪੱਤਰ ਦੇਣਾ ਇਕ ਵਿਖਾਵਾ ਮਾਤਰ ਹੀ ਹੋਵੇਗਾ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਫੂਲਕਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਹਨ ਅਤੇ ਇਥੋਂ ਤੱਕ ਕਿ ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਇਕਾਂ ਨੂੰ ਵੀ ਮੁੱਖ ਮੰਤਰੀ ਨੂੰ ਮਿਲਣ ਦੀ ਮਨਾਹੀ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਲੋਕਾਂ ਦੀ ਅਵਾਜ ਬੁਲੰਦ ਕਰਨ ਦੇ ਦੋਸ਼ ਵਿਚ ਗਿਰਫਤਾਰ ਕੀਤਾ ਗਿਆ ਹੈ। ਫੂਲਕਾ ਨੇ ਕਿਹਾ ਕਿ ਇਸਦੇ ਸਪਸ਼ਟ ਸਬੂਤ ਹਨ ਕਿ ਰਾਣਾ ਗੁਰਜੀਤ ਸਿੱਧੇ ਤੌਰ ਤੇ ਰੇਤ ਦੀਆਂ ਖੱਡਾਂ ਨੂੰ ਨਜਾਇਜ ਹਥਉਣ ਲਈ ਜਿੰਮੇਵਾਰ ਹੈ ਪਰੰਤੂ ਕੈਪਟਨ ਅਮਰਿੰਦਰ ਸਿੰਘ ਉਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਬਚ ਰਹੇ ਹਨ। ਫੂਲਕਾ ਨੇ ਕਿਹਾ ਕਿ ਇਸ ਮਾਮਲੇ ਕੈਪਟਨ ਅਮਰਿੰਦਰ ਸਿੰਘ ਦੀ ਚੁੱਪੀ ਇਹ ਸਿੱਧ ਕਰਦੀ ਹੈ ਕਿ ਰਾਣਾ ਗੁਰਜੀਤ ਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਵੀ ਗਲਤ ਢੰਗ ਨਾਲ ਦਿੱਤੀਆਂ ਗਈਆਂ ਖੱਡਾਂ ਦੇ ਮਾਮਲੇ ਵਿਚ ਸ਼ਾਮਲ ਹਨ।
ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਅਕਾਲੀ ਆਗੂ ਪੰਜਾਬ ਵਿਚ ਰੇਤ, ਭੂ ਮਾਫੀਆ ਅਤੇ ਟਰਾਂਸਪੋਰਟ ਦੇ ਮਾਫੀਆ ਲਈ ਮਸ਼ਹੂਰ ਸਨ ਪਰੰਤੂ ਹੁਣ ਕਾਂਗਰਸੀ ਆਗੂਆਂ ਨੇ ਉਨਾਂ ਨੂੰ ਮਾਤ ਪਾ ਦਿੱਤੀ ਹੈ। ਅਕਾਲੀਆਂ ਨੂੰ ਜੇਲ ਵਿਚ ਸੁਟਣ ਦੇ ਦਾਅਵੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਆਪਣੇ ਮੰਤਰੀ ਖਿਲਾਫ ਕਾਰਵਾਈ ਕਰਨ ਤੋਂ ਪਿਛੇ ਹੱਟ ਰਹੇ ਹਨ। ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਦੀ ਬੁਰਸ਼ਾਗਰਦੀ ਖਿਲਾਫ ਬੋਲਦੇ ਰਹੇ ਹਨ ਪਰੰਤੂ ਸੱਤਾ ਪ੍ਰਾਪਤੀ ਤੋਂ ਬਾਅਦ ਉਹ ਵੀ ਉਨਾਂ ਦੇ ਨਕਸ਼ੇ ਕਦਮ ਉਤੇ ਚਲਣ ਲੱਗ ਪਏ ਹਨ। ਮਾਨ ਨੇ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਕੋਲ ਕੋਈ ਅਜਿਹਾ ਫਾਰਮੂਲਾ ਹੈ ਜਿਸ ਨਾਲ ਕਿ ਇਕ ਖਾਨਸਾਮਾ (ਬਾਵਰਚੀ) ਕਰੋੜਾਂ ਰੁਪਏ ਕਮਾ ਸਕਦਾ ਹੈ ਤਾਂ ਉਨਾਂ ਨੂੰ ਇਹ ਫਾਰਮੂਲਾ ਸੂਬੇ ਦੇ ਸਾਰੇ ਨੌਜਵਾਨਾਂ ਨੂੰ ਦੱਸਣਾ ਚਾਹੀਦਾ ਹੈ ਤਾਂ ਜੋ ਉਹ ਵੀ ਬੇਰੋਜਗਾਰੀ ਤੋਂ ਬਾਹਰ ਨਿਕਲ ਸਕਣ।
ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਮਾਮਲੇ ਵਿਚ ਰਿਟਾਇਰ ਜਸਟਿਸ ਨਾਰੰਗ ਦੀ ਪ੍ਰਧਾਨਗੀ ਵਿਚ ਬਣਾਏ ਜੁਡੀਸ਼ਿਅਲ ਕਮਿਸ਼ਨ ਦਾ ਕੋਈ ਮਤਲਬ ਨਹੀਂ ਹੈ ਕਿਉ ਜੋ ਜਸਟਿਸ ਨਾਰੰਗ ਦੇ ਰਾਣਾ ਪਰਿਵਾਰ ਨਾਲ ਸਿੱਧੇ ਸੰਬੰਧ ਹਨ। ਇਸ ਕਰਕੇ ਉਹ ਉਨਾਂ ਖਿਲਾਫ ਕਾਰਵਾਈ ਨਹੀਂ ਕਰ ਸਕਦੇ। ਉਨਾਂ ਕਿਹਾ ਕਿ ਇਹ ਜਗਜਾਹਿਰ ਹੈ ਕਿ ਜਸਟਿਸ ਨਾਰੰਗ ਦੇ ਸਪੁੱਤਰ ਰਾਣਾ ਪਰਿਵਾਰ ਦੇ ਵਕੀਲ ਹਨ ਅਤੇ ਉਹ ਰਾਣਾ ਪਰਿਵਾਰ ਕੋਲੋਂ ਕੇਸ ਲੜਨ ਲਈ ਫੀਸ ਲੈਂਦੇ ਹਨ। ਉਨਾਂ ਕਿਹਾ ਕਿ ਇਹ ਕਿਸ ਤਰਾਂ ਹੋ ਸਕਦਾ ਹੈ ਕਿ ਜੋ ਵਿਅਕਤੀ ਮੰਤਰੀ ਦੇ ਇਨਾਂ ਕਰੀਬੀ ਹੋਵੇ ਤਾਂ ਕਿਸ ਪ੍ਰਕਾਰ ਉਹ ਇਸ ਕੇਸ ਨੂੰ ਹੱਲ ਕਰੇਗਾ। ਉਨਾਂ ਕਿਹਾ ਕਿ ਰਾਣਾ ਪਰਿਵਾਰ ਦੇ ਖਾਨਸਾਮੇ ਨੇ ਮਾਈਨਿੰਗ ਦਾ ਠੇਕੇ ਲੈਣ ਲਈ 26 ਕਰੋੜ ਰੁਪਏ ਜਮਾ ਕਰਵਾਏ ਹਨ ਜਦੋਂਕਿ ਉਸ ਦਾ ਸਲਾਨਾ ਆਮਦਨ ਸਿਰਫ 90 ਹਜਾਰ ਰੁਪਏ ਹੈ। ਉਨਾਂ ਕੈਪਟਨ ਅਮਰਿੰਦਰ ਸਿੰਘ ਤੋਂ ਪੁਛਿਆ ਕਿ ਅਜਿਹੀ ਕਿਹੜੀ ਗੱਲ ਜੋ ਕੈਪਟਨ ਅਮਰਿੰਦਰ ਸਿੰਘ ਨੂੰ ਰਾਣਾ ਖਿਲਾਫ ਕਾਰਵਾਈ ਕਰਨ ਤੋਂ ਪਿਛੇ ਖਿਚ ਰਹੀ ਹੈ।

Be the first to comment

Leave a Reply