ਆਪ ਅਦਮੀ ਪਾਰਟੀ ਵਿਚ ਫਿਰ ਤੋ ਵੱਡਾ ਧਮਾਕਾ ਹੋਣ ਦੀ ਸੰਭਾਵਨਾ

ਚੰਡੀਗੜ੍ਹ –  ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਨਵੀਨਰ ਦੇ ਅਹੁਦੇ ਤੋਂ ਗੁਰਪ੍ਰੀਤ ਸਿੰਘ ਵੜੈਚ ਨੂੰ ਹਟਾ ਕੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਪ੍ਰਧਾਨ ਬਣਾਉਣ ਦੇ ਨਾਲ ਹੀ ਇਕ ਵਾਰ ਮੁੜ ਪਾਰਟੀ ਵਿਚ ਵੱਡੇ ਧਮਾਕੇ ਹੋਣ ਦੀ ਸੰਭਾਵਨਾ ਬਣ ਗਈ ਹੈ। ਇਸ ਕਾਰਨ ਪਾਰਟੀ ਦੇ ਅੰਦਰ ਭੂਚਾਲ ਵਰਗੀ ਸਥਿਤੀ ਬਣੀ ਪਈ ਹੈ।  ਸੂਤਰਾਂ ਅਨੁਸਾਰ ਸ੍ਰੀ ਮਾਨ ਨੂੰ ਪ੍ਰਧਾਨ ਬਣਾਉਣ ਤੋਂ ਨਿਰਾਸ਼ ਗੁਰਪ੍ਰੀਤ ਵੜੈਚ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੀਟਿੰਗ ਕਰ ਕੇ ਸਾਰੀ ਸਥਿਤੀ ਉਪਰ ਵਿਚਾਰ ਕੀਤਾ। ਸੰਪਰਕ ਕਰਨ ’ਤੇ ਸ੍ਰੀ ਖਹਿਰਾ ਨੇ ਪੁਸ਼ਟੀ ਕੀਤੀ ਕਿ ਅੱਜ ਸ੍ਰੀ ਵੜੈਚ ਉਨ੍ਹਾਂ ਕੋਲ ਆਏ ਸੀ ਅਤੇ ਉਨ੍ਹਾਂ ਨੇ ਸ੍ਰੀ ਮਾਨ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਪੈਦਾ ਹੋਈ ਸਥਿਤੀ ਉਪਰ ਚਰਚਾ ਕੀਤੀ ਹੈ। ਸ੍ਰੀ ਖਹਿਰਾ ਨੇ ਦੱਸਿਆ ਕਿ ਜਦੋਂ ਸ੍ਰੀ ਵੜੈਚ ਉਨ੍ਹਾਂ ਨੂੰ ਮਿਲਣ ਆਏ ਤਾਂ ਉਸੇ ਵੇਲੇ ਪਾਰਟੀ ਦੇ ਸਹਿ-ਪ੍ਰਧਾਨ ਬਣਾਏ ਵਿਧਾਇਕ ਅਮਨ ਅਰੋੜਾ ਵੀ ਉਨ੍ਹਾਂ ਨੂੰ ਮਿਲਣ ਆ ਗਏ। ਉਨ੍ਹਾਂ ਅਜਿਹੀਆਂ ਅਫ਼ਵਾਹਾਂ ਦਾ ਖੰਡਨ ਕੀਤਾ ਕਿ ਉਨ੍ਹਾਂ ਪਾਰਟੀ ਦੇ 11 ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਆਪਣੇ ਸਟੈਂਡ ’ਤੇ ਡਟੇ ਹਨ ਅਤੇ ਚੀਫ ਵ੍ਹਿਪ ਤੇ ਬੁਲਾਰੇ ਦੇ ਅਹੁਦਿਆਂ ਤੋਂ ਉਨ੍ਹਾਂ ਵੱਲੋਂ ਦਿੱਤੇ ਅਸਤੀਫੇ ਬਰਕਰਾਰ ਹਨ। ਸ੍ਰੀ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਸ੍ਰੀ ਮਾਨ ਨਾਲ ਕੋਈ ਨਿੱਜੀ ਲੜਾਈ ਨਹੀਂ, ਸਗੋਂ ਉਹ ਪਾਰਟੀ ਵੱਲੋਂ ਆਪਣੀ ਹੀ ਵਿਚਾਰਧਾਰਾ ਤੋਂ ਲਗਾਤਾਰ ‘ਥਿੜਕਣ’ ਤੋਂ ਨਿਰਾਸ਼ ਹਨ।
ਦੂਜੇ ਪਾਸੇ ਸ੍ਰੀ ਵੜੈਚ ਸਾਰਾ ਦਿਨ ਖਾਮੋਸ਼ ਹੀ ਰਹੇ, ਪਰ ਸੂਤਰ ਦੱਸਦੇ ਹਨ ਕਿ ਉਹ ਹਾਈਕਮਾਨ ਵਿਰੁੱਧ ਬੜੇ ਭਰੇ ਪੀਤੇ ਹਨ। ਉਹ ਮਹਿਸੂਸ ਕਰਦੇ ਹਨ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨਾਲ ਵੀ ‘ਵਰਤੋ ਤੇ ਸੁੱਟੋ’ ਵਾਲੀ ਨੀਤੀ ਅਪਣਾਈ ਹੈ। ਸੂਤਰਾਂ ਅਨੁਸਾਰ ਸ੍ਰੀ ਵੜੈਚ ਕਿਸੇ ਵੇਲੇ ਵੀ ਜਨਤਕ ਤੌਰ ’ਤੇ ਕੇਂਦਰੀ ਲੀਡਰਸ਼ਿਪ ਅਤੇ ਭਗਵੰਤ ਮਾਨ ਵਿਰੁੱਧ ਭੜਾਸ ਕੱਢ ਸਕਦੇ ਹਨ।
ਉਧਰ ਸੰਪਰਕ ਕਰਨ ’ਤੇ ਭਾਜਪਾ ਦੇ ਸਕੱਤਰ ਵਿਨੀਤ ਜੋਸ਼ੀ ਨੇ ਦਾਅਵਾ ਕੀਤਾ ਕਿ ‘ਆਪ’ ਦੇ 11 ਵਿਧਾਇਕ ਪਾਰਟੀ ਛੱਡਣ ਨੂੰ ਫਿਰਦੇ ਹਨ ਅਤੇ ਉਹ ਭਾਜਪਾ ਵਿਚ ਵੀ ਸ਼ਾਮਲ ਹੋਣ ਦੇ ਚਾਹਵਾਨ ਹੋ ਸਕਦੇ ਹਨ। ਇਸੇ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਉਹ ਜਲਦ ਹੀ ਸਮੂਹ 20 ਵਿਧਾਇਕਾਂ ਸਮੇਤ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਵਿੱਢਣਗੇ।

Be the first to comment

Leave a Reply

Your email address will not be published.


*