ਆਪ’ ਵਿਧਾਇਕਾਂ ਨੇ ਸੈਸ਼ਨ ਦੌਰਾਨ ਸਦਨ ਵਿੱਚ ਹੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ

New Delhi: A man being whisked away by security persons after he, along with another person, threw paper missiles inside the Delhi Assembly while a session was underway, in New Delhi on Wednesday. The duo raised "Inquilab Zindabad'' slogans and claimed they were AAP workers but not happy with Arvind Kejriwal government. PTI Photo (PTI6_28_2017_000167B)

ਨਵੀਂ ਦਿੱਲੀ – ਦਿੱਲੀ ਵਿਧਾਨ ਸਭਾ ਵਿੱਚ ਅੱਜ ਸੈਸ਼ਨ ਦੌਰਾਨ ਵਿਜ਼ਿਟਰ ਗੈਲਰੀ ਵਿੱਚ ਬੈਠੇ ਦੋ ਜਣਿਆਂ ਨੇ ਪੇਪਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਦੋਵਾਂ ਨੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਵੀ ਲਾਏ। ਇਸ ਮਗਰੋਂ ‘ਆਪ’ ਵਿਧਾਇਕਾਂ ਨੇ ਦੋਵਾਂ ਦੀ ਸਦਨ ਵਿੱਚ ਹੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਗੜਬੜੀ ਤੋਂ ਫੌਰਨ ਮਗਰੋਂ ਸੁਰੱਖਿਆ ਅਧਿਕਾਰੀ ਦੋਵਾਂ ਨੂੰ ਬਾਹਰ ਲੈ ਗਏ, ਜਦੋਂ ਕਿ ‘ਆਪ’ ਵਿਧਾਇਕਾਂ ਨੇ ਦੋਵਾਂ ਵਿਰੁੱਧ ਸਦਨ ਦੀ ਪਵਿੱਤਰਤਾ ਭੰਗ ਕਰਨ ਦੇ ਦੋਸ਼ ਹੇਠ ਸਖ਼ਤ ਕਾਰਵਾਈ ਦੀ ਮੰਗ ਕੀਤੀ। ਬਾਅਦ ਵਿੱਚ ਉਨ੍ਹਾਂ ਦੀ ਪਛਾਣ ਰਾਜਨ ਕੁਮਾਰ ਤੇ ਜਗਦੀਪ ਰਾਣਾ ਵਜੋਂ ਹੋਈ। ਉਨ੍ਹਾਂ ਵੱਲੋਂ ਸੁੱਟੇ ਪੇਪਰਾਂ ਉਤੇ ਹੋਈ ਛਪਾਈ ਵਿੱਚ ਦੋਵਾਂ ਨੇ ਖ਼ੁਦ ਨੂੰ ‘ਆਪ’ ਵਰਕਰ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਲਿਖਿਆ ਕਿ ਉਹ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਇਸ ਪਾਰਟੀ ਅਤੇ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਵਿਰੁੱਧ ਕਥਿਤ ਭ੍ਰਿਸ਼ਟਾਚਾਰ ਦੇ ਕੇਸਾਂ ਤੋਂ ਨਾਖ਼ੁਸ਼ ਹਨ। ਜਿਉਂ ਹੀ ਸੁਰੱਖਿਆ ਮੁਲਾਜ਼ਮ ਦੋਵਾਂ ਨੂੰ ਲੈ ਕੇ ਜਾ ਰਹੇ ਸਨ ਤਾਂ ਹੰਗਾਮੇ ਵਿਚਕਾਰ ਨਿਤਿਨ ਤਿਆਗੀ, ਅਮਾਨਤ-ਉੱਲਾ ਖ਼ਾਨ ਅਤੇ ਜਰਨੈਲ ਸਿੰਘ ਸਦਨ ਤੋਂ ਬਾਹਰ ਆ ਗਏ। ਇਸ ਦੌਰਾਨ ਕਈ ਵਿਧਾਇਕਾਂ ਨੇ ਦੋਵਾਂ ਪ੍ਰਦਰਸ਼ਨਕਾਰੀਆਂ ਦੀ ਕਥਿਤ ਤੌਰ ’ਤੇ ਕੁੱਟਮਾਰ ਵੀ ਕੀਤੀ। ਇਸ ਗੜਬੜੀ ਕਾਰਨ ਸਦਨ ਦੀ ਕਾਰਵਾਈ ਕੁੱਝ ਸਮੇਂ ਲਈ ਰੁਕੀ ਰਹੀ। ਗੜਬੜੀ ਤੋਂ ਬਾਅਦ ਦੁਬਾਰਾ ਸ਼ੁਰੂ ਹੋਈ ਕਾਰਵਾਈ ਦੌਰਾਨ ‘ਆਪ’ ਵਿਧਾਇਕ ਸੌਰਵ ਭਾਰਦਵਾਜ ਨੇ ਦੋਵਾਂ ਵਿਰੁੱਧ ਕਾਰਵਾਈ ਦੀ ਮੰਗ ਕਰਨ ਵਾਲਾ ਮਤਾ ਪੇਸ਼ ਕੀਤਾ, ਜਿਸ ਨੂੰ ਭਾਜਪਾ ਤੇ ‘ਆਪ’ ਦੇ ਸਾਰੇ ਹਾਜ਼ਰ ਮੈਂਬਰਾਂ ਨੇ ਪ੍ਰਵਾਨਗੀ ਦਿੱਤੀ। ਇਸ ਉਤੇ ਸਪੀਕਰ ਰਾਮ ਨਿਵਾਸ ਗੋਇਲ ਨੇ ਦੋਵਾਂ ਪ੍ਰਦਰਸ਼ਨਕਾਰੀਆਂ ਨੂੰ ਸਦਨ ਵਿੱਚ ਗੜਬੜੀ ਕਰਨ ਉਤੇ ਇਕ ਮਹੀਨਾ ਜੇਲ੍ਹ ਵਿੱਚ ਰੱਖਣ ਦਾ ਹੁਕਮ ਦਿੱਤਾ। ਕੁੱਟਮਾਰ ਦੌਰਾਨ ਜਗਦੀਪ ਰਾਣਾ ਨਾਂ ਦੇ ਪ੍ਰਦਰਸ਼ਨਕਾਰੀ ਨੂੰ ਸੱਟ ਵੀ ਲੱਗੀ, ਜਿਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Be the first to comment

Leave a Reply