ਆਬਿਆਨਾ ਲਾ ਕੇ ਖੇਤੀ ਅਰਥ ਵਿਵਸਥਾ ਨੂੰ ਤਬਾਹ ਕਰਨ ‘ਤੇ ਤੁਲੀ ਕਾਂਗਰਸ -: ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਕਾਂਗਰਸ ਸਰਕਾਰ ਨਵੇਂ ਟੈਕਸ ਲਗਾ ਕੇ ਪੰਜਾਬ ਦੀ ਖੇਤੀ ਅਰਥ-ਵਿਵਸਥਾ ਨੂੰ ਤਬਾਹ ਕਰਨ ਉੱਤੇ ਤੁਲੀ ਲੱਗਦੀ ਹੈ। ਪਾਰਟੀ ਨੇ ਕਿਹਾ ਕਿ 90 ਹਜ਼ਾਰ ਕਰੋੜ ਰੁਪਏ ਦੇ ਕਿਸਾਨ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਪੂਰਾ ਕਰਨ ‘ਚ ਨਾਕਾਮੀ ਮਗਰੋਂ ਆਬਿਆਨਾ ਲਾਉਣਾ ਕਿਸਾਨੀ ਦੇ ਜ਼ਖਮਾਂ ਉੱਤੇ ਨਮਕ ਭੁੱਕਣ ਦੇ ਸਮਾਨ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਤਰਜਮਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਯਕੀਨ ਕਰਨਾ ਮੁਸ਼ਕਿਲ ਹੈ ਕਿ ਜਿਹੜੀ ਸਰਕਾਰ ਛੇ ਮਹੀਨਿਆਂ ਦੇ ਕਾਰਜਕਾਲ ਦੌਰਾਨ 250 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਹੋ ਜਾਣ ਕਰਕੇ ਗੰਭੀਰ ਸੰਕਟ ਵਿਚ ਹੋਵੇ, ਉਹ ਕਿਸਾਨਾਂ ਉੱਤੇ ਨਵੇਂ ਟੈਕਸ ਲਾਉਣ ਬਾਰੇ ਸੋਚੇਗੀ ਵੀ ਨਹੀਂ। ਉਹਨਾਂ ਕਿਹਾ ਕਿ ਪਰ ਇਹ ਸਰਕਾਰ ਅਜਿਹਾ ਕਰ ਰਹੀ ਹੈ। ਇਸ ਨੇ ਸਭ ਕੁੱਝ ਜਾਣਦੇ ਹੋਏ ਵੀ ਕਿ ਅਜਿਹਾ ਕਰਨ ਨਾਲ ਕਿਸਾਨਾਂ ਲਈ ਖੇਤੀ ਦੇ ਖਰਚੇ ਵਧ ਜਾਣਗੇ ਅਤੇ ਖੇਤੀ ਅਰਥ ਵਿਵਸਥਾ ਦੀ ਹਾਲਤ ਹੋਰ ਮਾੜੀ ਹੋ ਜਾਵੇਗੀ,ਕਾਂਗਰਸ ਸਰਕਾਰ ਨੇ ਆਬਿਆਨਾ ਲਾਉਣ ਦਾ ਫੈਸਲਾ ਕਰ ਲਿਆ ਹੈ।
ਇਹ ਕਹਿੰਦਿਆਂ ਕਿ ਅਜਿਹੇ ਕਦਮ ਕਾਂਗਰਸ ਸਰਕਾਰ ਦੇ ਲਾਪਰਵਾਹ ਵਤੀਰੇ ਦੀ ਦੱਸ ਪਾਉਂਦੇ ਹਨ ਜਿਹੜੀ ਕਿ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਕੰਮ ਕਰ ਰਹੀ ਹੈ, ਅਕਾਲੀ ਆਗੂ ਨੇ ਕਾਂਗਰਸ ਸਰਕਾਰ ਨੂੰ ਪੁੱਿਛਆ ਕਿ ਉਸ ਨੇ ਅਜਿਹਾ ਲੋਕ-ਵਿਰੋਧੀ ਕਦਮ ਕਿਉਂ ਚੁੱਕਿਆ ਹੈ? ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਸਰਕਾਰ ਸਾਰੇ ਨਵੇਂ ਟਿਊਬਵੈਲ ਕੁਨੈਕਸ਼ਨਾਂ ਉੱਤੇ ਬਿਜਲੀ ਦੇ ਬਿਲ ਲਾਉਣ ਦਾ ਕਠੋਰ ਫੈਸਲਾ ਕਰ ਚੁੱਕੀ ਹੈ।

Be the first to comment

Leave a Reply