ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਅਤੇ ਵਲੰਟੀਅਰਾਂ ਵਲੋਂ ਕੈਪਟਨ ਅਮਰਿੰਦਰ ਦੀ ਕੋਠੀ ‘ਤੇ ਧਰਨਾ ਦੇਣ ਤੇ ਘੇਰਨ ਦੀ ਕੋਸ਼ਿਸ਼ ਨਾਕਾਮ

ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਅਤੇ ਵਲੰਟੀਅਰਾਂ ਵਲੋਂ ਭ੍ਰਿਸ਼ਟਾਚਾਰ ਮਾਮਲਿਆਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਕੋਠੀ ‘ਤੇ ਧਰਨਾ ਦੇਣ ਤੇ ਘੇਰਨ ਦੀ ਕੋਸ਼ਿਸ਼ ਚੰਡੀਗੜ੍ਹ ਪੁਲਸ ਨੇ ਨਾਕਾਮ ਕਰ ਦਿੱਤੀ। ਸੈਕਟਰ 4 ਸਥਿਤ ਐੱਮ. ਐੱਲ. ਏ. ਹੋਸਟਲ ਤੋਂ ਮਾਰਚ ਦੇ ਰੂਪ ‘ਚ ਅਗੇ ਵੱਧਦੇ ਆਪ ਵਿਧਾਇਕਾਂ ਤੇ ਵਲੰਟੀਅਰਾਂ ਨੂੰ ਚੰਡੀਗੜ੍ਹ ਪੁਲਸ ਵਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਦੋਵੇਂ ਪਾਸਿਓਂ ਥੋੜ੍ਹੀ ਜ਼ੋਰ- ਅਜ਼ਮਾਇਸ਼ ਮਗਰੋਂ ਪੁਲਸ ਨੇ ਵਾਟਰ ਕੈਨਨ ਦੀ ਵਰਤੋਂ ਕਰਕੇ ਆਪ ਵਿਧਾਇਕਾਂ ਤੇ ਵਲੰਟੀਅਰਾਂ ਨੂੰ ਕਾਬੂ ਕਰ ਲਿਆ। ਇਸ ਦੇ ਬਾਅਦ ਸਾਰਿਆਂ ਨੂੰ ਹਿਰਾਸਤ ‘ਚ ਲੈ ਕੇ ਸੈਕਟਰ 17 ਥਾਣੇ ਲਿਜਾਇਆ ਗਿਆ। ਉਥੋਂ ਕਰੀਬ ਢਾਈ ਘੰਟੇ ਬਾਅਦ ਸਾਰੇ 112 ਵਿਅਕਤੀਆਂ ਨੂੰ ਛੱਡ ਦਿੱਤਾ ਗਿਆ। ਆਪ ਦੇ ਇਸ ਪ੍ਰਦਰਸ਼ਨ ‘ਚ ਵਿਧਾਇਕ ਹਰਵਿੰਦਰ ਸਿੰਘ ਫੂਲਕਾ, ਕੰਵਰ ਸੰਧੂ, ਅਮਨ ਅਰੋੜਾ, ਨਿਰਮਲ ਮਾਨਸ਼ਾਹੀਆ ਅਤੇ ਬੁੱਧਰਾਮ ਨੇ ਹਿੱਸਾ ਨਹੀਂ ਲਿਆ। ਆਪ ਨੇ ਇਸ ਦੇ ਨਾਲ ਹੀ ‘ਵਾਅਦਾ ਖਿਲਾਫ ਪਰਦਾਫਾਸ਼’ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਹੈ।
ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਸੁਖਪਾਲ ਖਹਿਰਾ ਤੇ ਪੰਜਾਬ ਆਪ ਦੇ ਪ੍ਰਧਾਨ ਸੰਸਦ ਮੈਂਬਰ ਭਗਵੰਤ ਮਾਨ ਅਤੇ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ‘ਚ ਆਪ ਦੇ 15 ਵਿਧਾਇਕਾਂ ਤੇ ਹੋਰ ਵਲੰਟੀਅਰਾਂ ਨੇ ਪੰਜਾਬ ਐੱਮ. ਐੱਲ. ਏ. ਹੋਸਟਲ ‘ਚ ਇਕੱਠੇ ਹੋ ਕੇ ਪੰਜਾਬ ਸਰਕਾਰ ਵਲੋਂ ਅਪਣਾਏ ਜਾ ਰਹੇ ਭ੍ਰਿਸ਼ਟ ਤਰੀਕਿਆਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੀ ਮੰਗ ਸੀ ਕਿ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੋਟਾਲੇ ਤੇ ਲੁਧਿਆਣਾ ਸਿਟੀ ਸੈਂਟਰ ਘੋਟਾਲਿਆਂ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਜਾਵੇ ਜਾਂ ਫਿਰ ਕੈ. ਅਮਰਿੰਦਰ ਸਿੰਘ ਮੁੱਖ ਮੰਤਰੀ ਅਹੁਦਾ ਛੱਡ ਕੇ ਜਾਂਚ ਕਰਵਾਉਣ ਤਾਂ ਜੋ ਜਾਂਚ ਦਾ ਕੰਮ ਬਿਨਾਂ ਕਿਸੇ ਦਬਾਅ ਦੇ ਅੱਗੇ ਵਧੇ।
ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਕੈ. ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਵਿਚਕਾਰ ਹੋਏ ਗੁਪਤ ਸਮਝੌਤੇ ਬੇਪਰਦਾ ਹੋਣੇ ਸ਼ੁਰੂ ਹੋ ਚੁੱਕੇ ਹਨ। ਮਾਨ ਨੇ ਕਿਹਾ ਕਿ ਬਾਦਲਾਂ ਨੇ ਆਪਣੀ ਸਰਕਾਰ ਹੁੰਦੇ ਸਮੇਂ ਵੀ ਵਿਜੀਲੈਂਸ ਕੇਸਾਂ ਤੋਂ ਬਰੀ ਕਰਵਾਇਆ ਅਤੇ ਹੁਣ ਕੈਪਟਨ ਸਰਕਾਰ ਵਲੋਂ ਕਿਸੇ ਵੀ ਅਕਾਲੀ ਨੇਤਾ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਅਤੇ ਲੱਗਭਗ ਸਾਰਿਆਂ ਨੂੰ ਕਲੀਨ ਚਿੱਟ ਵੀ ਦੇ ਦਿੱਤੀ ਹੈ ਤਾਂ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਆਖਿਰ ਸਰਕਾਰੀ ਖਜ਼ਾਨੇ ਨੂੰ ਕਿਸ ਨੇ ਲੁੱਟਿਆ ਸੀ। ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈ. ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਅਤੇ ਲੁਧਿਆਣਾ ਸਿਟੀ ਸੈਂਟਰ ਘੋਟਾਲਿਆਂ ਦੀ ਨਿਰਪੱਖ ਜਾਂਚ ਸੋਚੀ ਵੀ ਨਹੀਂ ਜਾ ਸਕਦੀ।

Be the first to comment

Leave a Reply