ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਜਲੰਧਰ ਵਿਚ ਆਪਣੀ ਇਕ ਬੈਠਕ ਦੌਰਾਨ ਕਿਹਾ ਕਿ ਕਾਂਗਰਸ ਹੋਈ ਫੇਲ

ਜਲੰਧਰ- ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਜਲੰਧਰ ਵਿਚ ਆਪਣੀ ਇਕ ਬੈਠਕ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਜਰਾਤ ਤੇ ਹਿਮਾਚਲ ਚੋਣਾਂ ਵਿਚ ਰਾਹੁਲ ਦਾ ਕੋਈ ਜਾਦੂ ਨਹੀਂ ਚੱਲ ਰਿਹਾ ਤੇ ਦੋਵਾਂ ਸੂਬਿਆਂ ਵਿਚ ਭਾਜਪਾ ਅੱਗੇ ਹੈ ਤੇ ਇਸ ਤੋਂ ਸਾਫ ਹੈ ਕਿ ਕਾਂਗਰਸ ਰਾਹੁਲ ਦੀ ਵੱਡੇ ਆਗੂ ਦੇ ਤੌਰ ‘ਤੇ ਪਛਾਣ ਬਣਾਉਣਾ ਚਾਹੁੰਦੀ ਸੀ, ਉਸ ਵਿਚ ਫੇਲ ਹੋਈ ਹੈ।  ਖਾਸ ਗੱਲਬਾਤ ਵਿਚ ਖਹਿਰਾ ਨੇ ਬਰਨਾਲਾ ਵਿਚ ਹੋਏ ਅਕਾਲੀ ਮਹਿਲਾ ਆਗੂ ‘ਤੇ ਹਮਲੇ ਬਾਰੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਪੂਰਾ ਨਹੀਂ ਦਿਖਾਇਆ ਗਿਆ ਤੇ ਜਾਣ-ਬੁੱਝ ਕੇ ਵਿਵਾਦ ਖੜ੍ਹਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਅਕਾਲੀ ਦਲ ਨੂੰ ਬੀਬੀ ਜਗੀਰ ਕੌਰ ਜਿਹੀ ਸਜ਼ਾ ਭੁਗਤ ਚੁੱਕੀ ਔਰਤ ਨੂੰ ਮਹਿਲਾ ਦਲ ਦੀ ਕਮਾਨ ਨਹੀਂ ਸੌਂਪਣੀ ਚਾਹੀਦੀ ਸੀ, ਕਿਉਂਕਿ ਇਸ ਨਾਲ ਪਾਰਟੀ ‘ਤੇ ਸਵਾਲ ਖੜ੍ਹੇ ਹੋਣਗੇ। ਖਹਿਰਾ ਨੇ ਕਿਹਾ ਕਿ ਜਿਸ ਮਹਿਲਾ ਆਗੂ ‘ਤੇ ਹਮਲਾ ਕੀਤਾ ਗਿਆ, ਉਸ ਦੇ ਹਮਲਾਵਰ ਵੀਡੀਓ ਵਿਚ ਕਹਿ ਰਹੇ ਸਨ ਕਿ ਇਸ ਨੇ 10 ਲੱਖ ਰੁਪਏ ਦੀ ਬਲੈਕਮੇਲਿੰਗ ਕੀਤੀ ਹੈ। ਇਸ ਲਈ ਉਕਤ ਅਕਾਲੀ ਆਗੂ ਵੀ ਸਵਾਲਾਂ ਦੇ ਘੇਰੇ ਵਿਚ ਆਉਂਦਾ ਹੈ। ਖਹਿਰਾ ਨੇ ਕਿਹਾ ਕਿ ਮੈਂ ਕਿਹਾ ਸੀ ਕਿ ਫਿਰ ਵੀ ਕਿਸੇ ‘ਤੇ ਹਮਲਾ ਕਰਨ ਦੀ ਥਾਂ ਕਾਨੂੰਨੀ ਤਰੀਕੇ ਅਪਣਾਉਣੇ ਚਾਹੀਦੇ ਸਨ। ਖਹਿਰਾ ਨੇ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਪੁਲਸ ਬਾਰੇ ਉਨ੍ਹਾਂ ਕਿਹਾ ਸੀ ਕਿ ਪੁਲਸ ਤਾਂ ਜਿਸ ਦੀ ਸਰਕਾਰ ਹੋਵੇ, ਉਸ ਦਾ ਪੁੱਤ ਬਣ ਜਾਂਦੀ ਹੈ ਪਰ ਇਸ ਬਿਆਨ ਨੂੰ ਰਾਜਪੂਤ ਬਰਾਦਰੀ ਨਾਲ ਜੋੜ ਕੇ ਜਾਣ-ਬੁੱਝ ਕੇ ਵਿਵਾਦ ਪੈਦਾ ਕੀਤਾ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਇਸ ਮਾਮਲੇ ਵਿਚ ਖੁਦ ਤੁਹਾਡੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਤੁਹਾਡੇ ਇਸ ਬਿਆਨ ਦਾ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤਾਂ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੇ ਨਾ ਤਾਂ ਪੂਰਾ ਬਿਆਨ ਸੁਣਿਆ ਤੇ ਨਾ ਵੇਖਿਆ, ਇਸ ਲਈ ਮੈਂ ਉਨ੍ਹਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਖਹਿਰਾ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਮੇਰੇ ਖਿਲਾਫ ਕੋਈ ਵੱਡਾ ਕੇਸ ਨਹੀਂ ਬਣਾ ਸਕੇ, ਇਸ ਲਈ ਮੇਰੀਆਂ ਗੱਲਾਂ ਨੂੰ ਫੜ ਕੇ ਕੋਈ ਨਾ ਕੋਈ ਵਿਵਾਦ ਪੈਦਾ ਕਰਦੇ ਰਹਿੰਦੇ ਹਨ।

Be the first to comment

Leave a Reply