ਆਸਟਰੇਲੀਆਈ ਸੰਸਦੀ ਮੈਂਬਰ ਨੇ ਕਰਵਾਇਆ ਸਮਲਿੰਗੀ ਵਿਆਹ

ਆਸਟਰੇਲੀਆਈ ਸੰਸਦੀ ਮੈਂਬਰ ਨੇ ਸੰਸਦ ‘ਚ ਆਪਣੇ ਸਾਥੀ (ਮਰਦ) ਨੂੰ ਵਿਆਹ ਲਈ ਪ੍ਰਪੋਜ਼ ਕਰਨ ਤੋਂ 3 ਮਹੀਨੇ ਬਾਅਦ ਉਸ ਨਾਲ ਵਿਆਹ ਕਰ ਲਿਆ ਹੈ। ਸੰਸਦੀ ‘ਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਰੂਪ ਨਾਲ ਮਾਨਤਾ ਦੇਣ ‘ਤੇ ਹੋਈ ਚਰਚਾ ਦੌਰਾਨ ਸੰਸਦੀ ਮੈਂਬਰ ਨੇ ਉਥੇ ਮੌਜੂਦ ਆਪਣੇ ਸਾਥੀ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ ਸੀ।

ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਸੰਸਦੀ ਮੈਂਬਰ ਟਿਮ ਵਿਲਸਨ ਅਤੇ ਰਿਆਨ ਬੋਲਗਰ ਨੇ ਐਤਵਾਰ ਨੂੰ ਵਿਆਹ ਕਰ ਲਿਆ। ਬੋਲਗਰ ਆਸਟਰੇਲੀਆ ਦੇ ਇਕ ਸਕੂਲ ‘ਚ ਅਧਿਆਪਕ ਹਨ। ਆਸਟਰੇਲੀਆ ਦੇ ਸੰਸਦੀ ਮੈਂਬਰਾਂ ਨੇ ਦਸੰਬਰ ‘ਚ ਸਮਲਿੰਗੀ ਕਾਨੂੰਨ ਨੂੰ ਕਾਨੂੰਨੀ ਮਾਨਤਾ ਦੇਣ ਦੇ ਮਸੌਦੇ ਦੇ ਪੱਖ ‘ਚ ਵੋਟਿੰਗ ਕੀਤੀ ਸੀ। ਇਸ ਮਹੀਨੇ ਦੀ ਸ਼ੁਰੂਆਤ ‘ਚ ਵਿਲਸਨ ਸੰਸਦ ‘ਚ ਵਿਆਹ ਲਈ ਪ੍ਰਪੋਜ਼ ਕਰਨ ਵਾਲੇ ਪਹਿਲਾਂ ਸੰਸਦੀ ਮੈਂਬਰ ਬਣ ਗਏ ਸਨ। ਵਿਲਸਨ ਅਤੇ ਬੋਲਗਰ ਨੇ ਮੈਲਬੋਰਨ ਦੇ ਰਾਇਲ ਬੋਟੈਨਿਕ ਗਾਰਡਨ ‘ਚ ਵਿਆਹ ਕੀਤਾ। ਇਹ ਜੋੜਾ ਪਿਛਲੇ 10 ਸਾਲਾਂ ਤੋਂ ਇਕੱਠੇ ਰਹਿ ਰਿਹਾ ਸੀ।

ਵਿਲਸਨ ਨੇ ਦਸੰਬਰ ‘ਚ ਸੰਸਦ ‘ਚ ਸਮਲਿੰਗੀ ਵਿਆਹ ‘ਤੇ ਆਪਣਾ ਪੱਖ ਰੱਖਿਆ ਸੀ ਅਤੇ ਇਸ ਦੌਰਾਨ ਵਿਜ਼ਿਟਰ ਗੈਲਰੀ ‘ਚ ਬੈਠੇ ਆਪਣੇ ਸਾਥੀ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 61 ਫੀਸਦੀ ਤੋਂ ਜ਼ਿਆਦਾ ਆਸਟਰੇਲੀਆਈ ਜਨਤਾ ਨੇ ਸਮਲਿੰਗੀ ਵਿਆਹ ਦੇ ਪੱਖ ‘ਚ ਵੋਟਿੰਗ ਕੀਤੀ ਸੀ। ਇਹ ਪ੍ਰਧਾਨ ਮੰਤਰੀ ਮੈਕਲਮ ਟਰਨਬੁਲ ਦੇ ਚੋਣਾਂ ‘ਚ ਕੀਤੇ ਵਾਅਦਿਆਂ ‘ਚੋਂ ਇਕ ਸੀ।