ਇਕੋ-ਇਕ ਪ੍ਰਧਾਨ ਸੰਭਾਲੇਗਾ ਯੂਥ ਅਕਾਲੀ ਦਲ ਦੀ ਵਾਗਡੋਰ

ਗੁਰਦਾਸਪੁਰ – ਪੰਜਾਬ ਅੰਦਰ 7 ਵਾਰ ਸੱਤਾ ਦਾ ਨਿੱਘ ਮਾਣ ਚੁੱਕਾ ਸ਼੍ਰੋਮਣੀ ਅਕਾਲੀ ਦਲ ਇਸ ਮੌਕੇ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਤੋਂ ਉਭਰਨ ਦੀ ਵੱਡੀ ਚੁਣੌਤੀ ਨਾਲ ਜੂਝ ਰਿਹਾ ਹੈ। ਇਸ ਮਕਸਦ ਲਈ ਪਾਰਟੀ ਦੀ ਟੇਕ ਹੁਣ ਨਵੇਂ ਚਿਹਰਿਆਂ ਅਤੇ ਨਵੇਂ ਤਜਰਬਿਆਂ ‘ਤੇ ਟਿਕੀ ਹੋਈ ਹੈ। ਖ਼ਾਸ ਤੌਰ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਮੌਕੇ ਕੀਤੇ ਗਏ ਵੱਡੇ ਫੇਰ-ਬਦਲ ਦੇ ਬਾਅਦ ਹੁਣ ਯੂਥ ਅਕਾਲੀ ਦਲ ਦੇ ਪ੍ਰਧਾਨ ਦੀ ਕੀਤੀ ਜਾਣ ਵਾਲੀ ਚੋਣ ਦੌਰਾਨ ਵੀ ਪਾਰਟੀ ਵੱਲੋਂ ਯੂਥ ਅਕਾਲੀ ਦਲ ਦੇ 5 ਜ਼ੋਨਾਂ ਦੇ ਪ੍ਰਧਾਨ ਲਾਉਣ ਦੀ ਸ਼ੁਰੂ ਕੀਤੀ ਰਵਾਇਤ ਨੂੰ ਬੰਦ ਕਰ ਕੇ ਮੁੜ ਇਕ ਹੀ ਪ੍ਰਧਾਨ ਲਾਏ ਜਾਣ ਦੀ ਸੰਭਾਵਨਾ ਹੈ।ਜਦੋਂ ਪਾਰਟੀ ਸੱਤਾ ਵਿਚ ਸੀ ਤਾਂ ਪੰਜਾਬ ਅੰਦਰ ਯੂਥ ਅਕਾਲੀ ਦਾ ਇਕ ਪ੍ਰਧਾਨ ਬਣਾਉਣ ਦੀ ਬਜਾਏ ਇਸ ਨੂੰ 5 ਜ਼ੋਨਾਂ ‘ਚ ਵੰਡ ਕੇ 5 ਪ੍ਰਧਾਨ ਥਾਪ ਦਿੱਤੇ ਗਏ ਸਨ, ਜਿਸ ਦੀ ਕਈ ਯੂਥ ਆਗੂਆਂ ਵੱਲੋਂ ਅੰਦਰਖਾਤੇ ਨਿਖੇਧੀ ਵੀ ਕੀਤੀ ਗਈ ਸੀ। ਉਸ ਮੌਕੇ ਮਾਝਾ ਜ਼ੋਨ ਅੰਦਰ ਰਵੀਕਰਨ ਸਿੰਘ ਕਾਹਲੋਂ, ਦੁਆਬਾ ‘ਚ ਸਰਬਜੋਤ ਸਿੰਘ ਸਾਬੀ, ਮਾਲਵਾ ਜ਼ੋਨ-1 ‘ਚ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਮਾਲਵਾ-2 ‘ਚ ਹਰਪਾਲ ਜੁਨੇਜਾ ਅਤੇ ਮਾਲਵਾ-3 ਜ਼ੋਨ ‘ਚ ਤਰਸੇਮ ਸਿੰਘ ਭਿੰਡਰ ਨੂੰ ਪ੍ਰਧਾਨ ਲਾਇਆ ਗਿਆ ਸੀ ਪਰ ਸੂਤਰਾਂ ਮੁਤਾਬਿਕ ਇਸ ਤਰ੍ਹਾਂ ਦਾ ਢਾਂਚਾ ਗਠਨ ਕਰਨ ‘ਤੇ ਤਸੱਲੀਬਖ਼ਸ਼ ਨਤੀਜੇ ਨਾ ਮਿਲਣ ਕਾਰਨ ਇਸ ਵਾਰ ਮੁੜ ਇਕੋ-ਇਕ ਪ੍ਰਧਾਨ ਲਾਉਣ ਸਬੰਧੀ ਫ਼ੈਸਲਾ ਕੀਤਾ ਜਾ ਚੁੱਕਾ ਹੈ। ਸੁਖਬੀਰ ਸਿੰਘ ਬਾਦਲ ਅਜਿਹੇ ਨੌਜਵਾਨ ਨੂੰ ਇਹ ਜ਼ਿੰਮੇਵਾਰੀ ਸੌਂਪਣ ਦੇ ਰੌਅ ‘ਚ ਹਨ, ਜੋ ਨੌਜਵਾਨ ਹੋਣ ਦੇ ਨਾਲ-ਨਾਲ ਪੰਥਕ ਪਛਾਣ ਅਤੇ ਸਾਫ਼-ਸੁਥਰਾ ਅਕਸ ਵੀ ਰੱਖਦਾ ਹੋਵੇ। ਪੁਰਾਣੇ ਜ਼ੋਨ ਪ੍ਰਧਾਨਾਂ ਵਿਚੋਂ ਰੋਜ਼ੀ ਬਰਕੰਦੀ ਨੂੰ ਮੁਕਤਸਰ ਜ਼ਿਲੇ ‘ਚ ਅਤੇ ਹਰਪਾਲ ਜੁਨੇਜਾ ਨੂੰ ਪਟਿਆਲਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ, ਜਦੋਂ ਕਿ ਮਾਝਾ ਜ਼ੋਨ ਨਾਲ ਸਬੰਧਤ ਰਵੀਕਰਨ ਸਿੰਘ ਕਾਹਲੋਂ ਇਸ ਵਾਰ ਜਥੇ. ਸੁੱਚਾ ਸਿੰਘ ਲੰਗਾਹ ਦੀ ਗ੍ਰਿਫ਼ਤਾਰੀ ਮਗਰੋਂ ਜ਼ਿਲਾ ਗੁਰਦਾਸਪੁਰ ਅੰਦਰ ਜ਼ਿਲਾ ਪ੍ਰਧਾਨ ਦਾ ਖ਼ਾਲੀ ਹੋਇਆ ਅਹੁਦਾ ਲੈਣ ਦੇ ਚਾਹਵਾਨ ਦੱਸੇ ਜਾਂਦੇ ਹਨ। ਇਸ ਕਾਰਨ ਇਸ ਵਾਰ ਸਰਬਜੋਤ ਸਿੰਘ ਸਾਬੀ ਦਾ ਨਾਂ ਪੰਜਾਬ ਪ੍ਰਧਾਨ ਲਈ ਚਰਚਾ ‘ਚ ਹੈ, ਜੋ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਦੇ ਨਾਲ-ਨਾਲ ਪੰਥਕ ਅਤੇ ਸਿਆਸੀ ਸੂਝ-ਬੂਝ ਰੱਖਦੇ ਹਨ। ਅਕਾਲੀ ਦਲ ਦੇ ਆਈ. ਟੀ. ਵਿੰਗ ਦੇ ਪ੍ਰਧਾਨ ਅਤੇ ਉਪ-ਮੁੱਖ ਮੰਤਰੀ ਦੇ ਓ. ਐੱਸ. ਡੀ. ਵਜੋਂ ਪ੍ਰਸਿੱਧ ਨੌਜਵਾਨ ਪਰਮਿੰਦਰ ਸਿੰਘ ਬਰਾੜ ਵੀ ਤਕਰੀਬਨ ਸਾਰੀਆਂ ਧਿਰਾਂ ਨੂੰ ਪ੍ਰਵਾਣਿਤ ਆਗੂ ਹਨ, ਜੋ ਸਾਬਕਾ ਮੰਤਰੀ ਹਰੀ ਸਿੰਘ ਜ਼ੀਰਾ ਦੇ ਦੋਹਤੇ ਹੋਣ ਦੇ ਇਲਾਵਾ ਪਾਰਟੀ ‘ਚ ਆਪਣੀ ਨਿੱਜੀ ਪਛਾਣ ਵੀ ਸਥਾਪਿਤ ਕਰ ਚੁੱਕੇ ਹਨ। ਅਮਲੋਹ ਹਲਕੇ ਦੀ ਅਗਵਾਈ ਕਰ ਰਹੇ ਸੋਈ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਪਰਮਬੰਸ ਸਿੰਘ ਬੰਟੀ ਰੋਮਾਣਾ ਦਾ ਨਾਂ ਵੀ ਕਿਸੇ ਪੱਖੋਂ ਪਿੱਛੇ ਨਹੀਂ ਹਨ। ਉਕਤ ਤੋਂ ਇਲਾਵਾ ਹੋਰ ਵੀ ਕਈ ਨੌਜਵਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਬਣਨ ਦੀ ਦੌੜ ‘ਚ ਹਨ।

Be the first to comment

Leave a Reply