ਇਕ ਵੀ ਬੱਚਾ ਸਕੂਲੀ ਸਿੱਖਿਆ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ : ਐੱਮ. ਵੈਂਕਈਆ ਨਾਇਡੂ

ਨਵੀਂ ਦਿੱਲੀ  –  ਉਪ ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂ ਨੇ ਕਿਹਾ ਕਿ ਸਰਕਾਰ, ਜਨ ਪ੍ਰਤੀਨਿਧੀਆਂ ਸਮੇਤ ਸਾਡੇ ਸਾਰਿਆਂ ਦਾ ਇਕ ਮਿਸ਼ਨ ਹੋਣਾ ਚਾਹੀਦਾ ਹੈ ਕਿ ਇਕ ਵੀ ਬੱਚਾ ਸਕੂਲੀ ਸਿੱਖਿਆ ਤੋਂ ਵਾਂਝਾ ਨਾ ਰਹੇ, ਇਸ ਕੰਮ ਨੂੰ ਕਰਤੱਵ ਸਮਝ ਕੇ ਪੂਰਾ ਕਰਨਾ ਚਾਹੀਦਾ ਹੈ ਅਤੇ 100 ਫੀਸਦੀ ਸਾਖਰਤਾ ਦਰ ਹਾਸਲ ਕਰਨੀ ਚਾਹੀਦੀ ਹੈ। ਉਨ੍ਹਾਂ ਅਧਿਆਪਕ ਦਿਵਸ ਮੌਕੇ ਆਯੋਜਿਤ ਸਮਾਗਮ ਦੌਰਾਨ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਅਨੇਕਾਂ ਖੇਤਰਾਂ ਵਿਚ ਅੱਗੇ ਵਧਿਆ ਹੈ। ਅਸੀਂ ਗਰੀਬੀ ਨੂੰ ਦੂਰ ਕਰਨ ਦੀ ਦਿਸ਼ਾ ਵਿਚ ਅੱਗੇ ਵਧੇ ਹਾਂ, ਜਾਗਰੂਕਤਾ ਦਾ ਮਾਹੌਲ ਬਣਿਆ ਹੈ। ਅੱਜ 95 ਫੀਸਦੀ ਬੱਚੇ ਸਕੂਲ ਜਾ ਰਹੇ ਹਨ। ਦੇਸ਼ ਵਿਚ 70 ਤੋਂ 80 ਲੱਖ ਅਧਿਆਪਕ ਪੜ੍ਹਾ ਰਹੇ ਹਨ ਅਤੇ 50 ਲੱਖ ਮੁਢਲੇ ਸਕੂਲਾਂ ਵਿਚ 20 ਕਰੋੜ ਬੱਚੇ ਪੜ੍ਹ ਰਹੇ ਹਨ। ਸਾਖਰਤਾ ਦਰ ਵਿਚ ਵੀ ਵਾਧਾ ਹੋਇਆ ਹੈ। ਇਸ ਸਥਿਤੀ ਨੂੰ ਹੋਰ ਬਿਹਤਰ ਕਰਨਾ ਚਾਹੀਦਾ ਹੈ। ਸਰਕਾਰ ਦਾ ਮਿਸ਼ਨ ਹੋਣਾ ਚਾਹੀਦਾ ਹੈ ਕਿ ਕੋਈ ਵੀ ਬੱਚਾ ਸਿੱਖਿਆ ਦੇ ਦਾਇਰੇ ਤੋਂ ਬਾਹਰ ਨਾ ਰਹੇ। ਉਨ੍ਹਾਂ ਕਿਹਾ ਕਿ ਭਾਰਤੀ ਸਿੱਖਿਆ ਦਾ ਵਿਕਾਸ ਆਜ਼ਾਦੀ ਸੰਘਰਸ਼ ਤੋਂ ਸ਼ੁਰੂ ਹੁੰਦਾ ਹੈ ਅਤੇ ਉਦੋਂ ਵੀ ਚੰਗੀ ਗੁਣਵੱਤਾ ਭਰਪੂਰ ਸਿੱਖਿਆ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਗਿਆ ਸੀ। ਮਹਾਤਮਾ ਗਾਂਧੀ, ਬਾਲ ਗੰਗਾਧਰ ਤਿਲਕ, ਮਦਨ ਮੋਹਨ ਮਾਲਵੀਆ, ਜ਼ਾਕਿਰ ਹੁਸੈਨ ਨੇ ਸਿੱਖਿਆ ਨੂੰ ਅਹਿਮ ਤੱਤ ਬਣਾਇਆ ਸੀ।

Be the first to comment

Leave a Reply