ਇਨਸਾਫ ਲੈਣ ਲਈ ਸੜਕਾਂ ‘ਤੇ ਉਤਰੇ ਜੱਜ

ਰਤਲਾਮ (ਮੱਧ ਪ੍ਰਦੇਸ਼):  ਭਾਰਤ ਦਾ ਹਾਲ ਇਹ ਹੈ ਕਿ ਇਨਸਾਫ ਲੈਣ ਲਈ ਜੱਜਾਂ ਨੂੰ ਵੀ ਸੜਕਾਂ‘ਤੇ ਆਉਣਾ ਪੈ ਰਿਹਾ ਹੈ। ਸਵਾ ਸਾਲ ਵਿੱਚ ਚਾਰ ਤਬਾਦਲੇ ਕੀਤੇ ਜਾਣ ਦੇ ਵਿਰੋਧ ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ ਜਬਲਪੁਰ ਦੇ ਵਿਹੜੇ ਵਿੱਚ ਧਰਨਾ ਦੇ ਕੇ ਚਰਚਾ ਵਿੱਚ ਆਏ ਸਸਪੈਂਡ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਏ ਡੀ ਜੇ ਰਾਜਿੰਦਰਕੁਮਾਰ ਸ੍ਰੀਵਾਸ ਨੇ ਕੱਲ੍ਹ ਆਪਣੀ ਸਸਪੈਨਸ਼ਨ ਵਿਰੁੱਧ ਨੀਮਚ ਤੋਂ ਜਬਲਪੁਰ ਤੱਕ ਸਾਈਕਲ ਤੋਂ ਨਿਆਂਯਾਤਰਾ ਸ਼ੁਰੂ ਕੀਤੀ।

ਇਸ ਤੋਂ ਪਹਿਲਾਂ ਸ੍ਰੀਵਾਸ ਨੇ ਦੱਸਿਆ, ਮੈਂ ਸਾਈਕਲ ‘ਤੇ ਸੱਤ ਸੌ ਕਿਲੋਮੀਟਰ ਲੰਮੀ ਨਿਆਂ ਯਾਤਰਾ ‘ਤੇ ਜਾ ਰਿਹਾ ਹਾਂ। ਜਬਲਪੁਰ ਪਹੁੰਚ ਕੇ ਮੈਂ ਸੱਤਿਆਗ੍ਰਹਿ ਕਰਾਂਗਾ। ਰਤਲਾਮ ਦੇ ਵਾਸੀ ਸ੍ਰੀਵਾਸ 15 ਮਹੀਨਿਆਂ ਦੇ ਸਮੇਂ ਵਿੱਚ ਚੌਥਾ ਤਬਾਦਲਾ ਕੀਤੇ ਜਾਣ ਦੇ ਵਿਰੁੱਧ ਹਾਈ ਕੋਰਟ ਸਾਹਮਣੇ ਇੱਕ ਅਗਸਤ ਨੂੰ ਅਣਮਿੱਥੇ ਧਰਨੇ ‘ਤੇ ਬੈਠੇ ਸਨ, ਪਰ ਤੀਜੇ ਦਿਨ ਹੀ ਧਰਨਾ ਖਤਮ ਕਰ ਦਿੱਤਾ ਸੀ।

ਜਬਲਪੁਰ ਤੋਂ ਨੀਮਚ ਤਬਾਦਲਾ ਹੋਣ ਦਾ ਹੁਕਮ ਮਿਲਣ ਤੋਂ ਬਾਅਦ ਸ੍ਰੀਵਾਸ ਨੇ ਅੱਠ ਅਗਸਤ ਨੂੰ ਨੀਮਚ ਏ ਡੀ ਜੇ ਦਾ ਚਾਰਜ ਸੰਭਾਲਿਆ, ਪਰ ਚਾਰ ਘੰਟੇ ਬਾਅਦ ਹੀ ਉਸ ਨੂੰ ਸਸਪੈਨਸ਼ਨ ਦਾ ਹੁਕਮ ਮਿਲ ਗਿਆ।

ਉਨ੍ਹਾਂ ਕਿਹਾ  ਕਿ ਜਮਹੂਰੀਅਤ ਵਿੱਚ ਨਿੱਜੀ ਆਜ਼ਾਦੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਤੋਂ ਦੁਖੀ ਹੋ ਕੇ ਮੈਂ ਜ਼ਮੀਨੀ ਪੱਧਰ ‘ਤੇ ਨਿਆਂ ਦੀ ਲੜਾਈ ਖਤਮ ਕਰਨ ਦਾ ਫੈਸਲਾ ਕੀਤਾ ਹੈ ਅਤੇ ਕੱਲ੍ਹ ਨਿਆਂ ਯਾਤਰਾ ‘ਤੇ ਨਿਕਲਿਆ ਹਾਂ। ਯਾਤਰਾ ਪੂਰੀ ਕਰ ਕੇ ਉਹ ਜਬਲਪੁਰ ਹਾਈ ਕੋਰਟ ਸਾਹਮਣੇ ਸਤਿਆਗ੍ਰਹਿ ਕਰ ਕੇ ਇਨਸਾਫ ਦੀ ਮੰਗ ਕਰਨਗੇ। ਸ੍ਰੀਵਾਸ ਨੇ ਕਿਹਾ ਕਿ ਉਹ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰੱਖਣਗੇ।

Be the first to comment

Leave a Reply